ਮਜ਼ਦੂਰੀ ਲਈ ਭੱਠੇ ‘ਤੇ ਜਾ ਰਹੇ ਪਿਉ-ਧੀ ਦੀ ਹਾਦਸੇ ‘ਚ ਮੌਤ, ਪਤਨੀ ਗੰਭੀਰ ਫੱਟੜ

ਸਰਹਾਲੀ ਕਲਾਂ (ਤਰਨ ਤਾਰਨ) 21 ਅਕਤੂਬਰ (ਨਿਊਜ਼ ਪੰਜਾਬ) – ਅੱਜ ਤੜਕੇ ਨੈਸ਼ਨਲ ਹਾਈਵੇ ‘ਤੇ ਪਿੰਡ ਸਰਹਾਲੀ ਕਲਾਂ ਦੇ ਬਾਹਰਵਾਰ ਭਿਆਨਕ ਸੜਕ ਹਾਦਸੇ ਵਿਚ ਇੱਕ ਮਜ਼ਦੂਰ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ। ਮਰਨ ਵਾਲੇ ਰਿਸ਼ਤੇ ਵਿਚ ਪਿਉ ਧੀ ਸਨ। ਹਾਦਸੇ ਵਿਚ ਇੱਕ ਔਰਤ ਗੰਭੀਰ ਜ਼ਖਮੀ ਹੋਈ, ਜੋ ਕਿ ਮ੍ਰਿਤਕ ਦੀ ਪਤਨੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਪਿੰਡ ਸਰਹਾਲੀ ਕਲਾਂ ਨਾਲ ਸਬੰਧਿਤ ਹੈ, ਜੋ ਤੜਕੇ ਰੋਜ਼ ਇੱਟਾਂ ਦੇ ਭੱਠੇ ‘ਤੇ ਮਜ਼ਦੂਰੀ ਲਈ ਜਾਂਦਾ ਸੀ। ਇਹ ਭਿਆਨਕ ਹਾਦਸਾ ਅੱਜ ਤੜਕੇ ਕਰੀਬ ਤਿੰਨ ਵਜੇ ਵਾਪਰਿਆ, ਜਦੋਂ ਇਹ ਪਰਿਵਾਰ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਿਆ।