ਜ਼ੀਰਕਪੁਰ ਤੋਂ ਚੋਰਾਂ ਨੇ ਫ਼ਿਲਮੀ ਸਟਾਇਲ ‘ਚ ਪੁੱਟਿਆ ਏ.ਟੀ ਐਮ. , ਮਸ਼ੀਨ ‘ਚ ਸਨ ਸਾਢੇ 14 ਲੱਖ ਰੁਪਏ
ਜ਼ੀਰਕਪੁਰ , 20 ਅਕਤੂਬਰ (ਨਿਊਜ਼ ਪੰਜਾਬ) – ਅੱਜ ਤੜਕੇ ਸਾਢੇ 4 ਵਜੇ ਇੱਥੋਂ ਦੀ ਵੀ.ਆਈ.ਪੀ. ਸੜਕ ‘ਤੇ ਚੋਰਾਂ ਨੇ ਫ਼ਿਲਮੀ ਸੀਨ ਦੀ ਤਰ੍ਹਾਂ ਕੋਟਕ ਮਹਿੰਦਰਾ ਬੈਂਕ ਦਾ ਏ.ਟੀ.ਐਮ. ਪੁੱਟ ਲਿਆ ਅਤੇ ਗੱਡੀ ਦੇ ਪਿੱਛੇ ਬੰਨ੍ਹ ਕਿ ਘੜੀਸਦੇ ਹੋਏ ਸੁੰਨਸਾਨ ਥਾਂ ‘ਤੇ ਲੈ ਗਏ। ਪਰ ਪੁਲਿਸ ਨੇ ਮੁਸਤੈਦੀ ਨਾਲ ਚੋਰਾਂ ਦੀ ਪੈੜ ਨੱਪਦਿਆਂ ਮਸ਼ੀਨ ‘ਚ ਪਏ 14 ਲੱਖ 50 ਹਜ਼ਾਰ ਰੁਪਏ ਲੁੱਟੇ ਜਾਣ ਤੋਂ ਬਚਾਅ ਲਏ। ਪੁਲਿਸ ਨੇ ਮੌਕੇ ਤੋਂ ਇਕ ਚੋਰ ਨੂੰ ਅੜਿੱਕੇ ਲੈ ਲਿਆ, ਜਦਕਿ ਉਸਦੇ ਬਾਕੀ 3 ਸਾਥੀ ਫ਼ਰਾਰ ਹੋਣ ‘ਚ ਕਾਮਯਾਬ ਰਹੇ। ਮੁਲਜ਼ਮ ਦੀ ਪਹਿਚਾਣ ਅਨਮੋਲ ਅਰੋੜਾ ਵਾਸੀ ਜਰਨੈਲ ਇਨਕਲੇਵ ਜ਼ੀਰਕਪੁਰ, ਹਾਲ ਵਾਸੀ ਕਿਰਾਏਦਾਰ ਗੁਰੂ ਨਾਨਕ ਕਲੋਨੀ ਢਕੋਲੀ ਵਜੋਂ ਹੋਈ।