‘ਆਪ’ ਦੇ ਸੀਨੀਅਰ ਆਗੂ ਅਵਤਾਰ ਸਿੰਘ ਈਲਵਾਲ ਨੇ ਤਿੰਨ ਦਿਨ ਪਹਿਲਾਂ ਮਿਲੇ ਜ਼ਿਲ੍ਹਾ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਸੰਗਰੂਰ, 19 ਅਕਤੂਬਰ (ਨਿਊਜ਼ ਪੰਜਾਬ)- ਆਮ ਆਦਮੀ ਪਾਰਟੀ ਵਲੋਂ ਤਿੰਨ ਦਿਨ ਪਹਿਲਾਂ ਪੰਜਾਬ ‘ਚ ਕੀਤੀਆਂ ਨਿਯੁਕਤੀਆਂ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ‘ਚ ਵੱਡਾ ਧਮਾਕਾ ਹੋ ਗਿਆ। ਜ਼ਿਲ੍ਹਾ ਸਕੱਤਰ ਨਿਯੁਕਤ ਕੀਤੇ ਗਏ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਈਲਵਾਲ ਨੇ ਮਿਲੇ ਨਵੇਂ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਲਈ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਆਰਥਿਕ ਤੰਗੀ ਦੇ ਬਾਵਜੂਦ ਉਨ੍ਹਾਂ ਨੇ ਸਤੰਬਰ 2018 ‘ਚ ਮੰਗਵਾਲ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਪੂਰੀ ਦਲੇਰੀ ਨਾਲ ਲੜੀ। ਸਾਲ 2019 ਦੀ ਲੋਕ ਸਭਾ ਚੋਣ ‘ਚ ਚੇਅਰਮੈਨ ਚੋਣ ਪ੍ਰਚਾਰ ਕਮੇਟੀ ਵਜੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ। ਹੁਣ ਜਦੋਂ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦੀ ਨਿਯੁਕਤੀ ਕਰਨੀ ਸੀ ਤਾਂ ਪਾਰਟੀ ਨੇ ਜ਼ਿਲ੍ਹੇ ਦੇ ਸਾਰੇ ਵਲੰਟੀਅਰਾਂ ਦੀ ਰਾਇ ਲੈਣ ਦੇ ਬਾਵਜੂਦ ਰਾਇ ਨੂੰ ਅਣਡਿੱਠ ਕਰਦਿਆਂ ਉਸ ਵਿਅਕਤੀ ਨੂੰ ਜ਼ਿਲ੍ਹਾ ਇੰਚਾਰਜ ਲਗਾ ਦਿੱਤਾ ਹੈ, ਜਿਸ ਵਿਅਕਤੀ ਦੀ ਬਦੌਲਤ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਮੌਕੇ ਆਪਣੇ ਕਾਗ਼ਜ਼ ਲੈ ਕੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਇਸ ਫ਼ੈਸਲੇ ਤੋਂ ਕਿਤੇ ਨਾ ਕਿਤੇ ਇਹ ਸਾਬਤ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਹਾਈਕਮਾਨ ‘ਚ ਵਧੇਰੇ ਲੀਡਰ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਉਲਟ ਰਵਾਇਤੀ ਪਾਰਟੀਆਂ ਦੇ ਵਾਂਗ ਆਪਣੇ ਫ਼ੈਸਲੇ ਥੋਪਣ ਲੱਗ ਪਏ ਹਨ।