ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ‘ਚ ਨਾਰਕੋਟਿਕ ਸੈੱਲ ‘ਚ ਤਾਇਨਾਤ ਪੰਜਾਬ ਪੁਲਿਸ ਦਾ ਸੀਨੀਅਰ ਸਿਪਾਹੀ ਗ੍ਰਿਫ਼ਤਾਰ
ਖਮਾਣੋਂ, 19 ਅਕਤੂਬਰ (ਨਿਊਜ਼ ਪੰਜਾਬ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਖਮਾਣੋਂ ਪੁਲਿਸ ਦੇ ਸਬ ਇੰਸਪੈਕਟਰ ਜਸਵੰਤ ਸਿੰਘ ਵਲੋਂ ਬੀਤੇ ਦਿਨ ਇਕ ਕਿਲੋ ਅਫ਼ੀਮ ਅਤੇ ਸੱਤ ਕਿਲੋ ਡੋਡੇ ਪੋਸਤ ਸਮੇਤ ਗ੍ਰਿਫ਼ਤਾਰ ਕਰਕੇ ਮੁਕੱਦਮੇ ‘ਚ ਨਾਮਜ਼ਦ ਕੀਤੇ ਗਏ ਪੰਜਾਬ ਪੁਲਿਸ ਦੇ ਸਿਪਾਹੀ ਨਵਜੋਤ ਸਿੰਘ ਦੀ ਪੁੱਛਗਿੱਛ ਦੌਰਾਨ ਉਸ ਦੇ ਇਕ ਹੋਰ ਸਾਥੀ ਸੀਨੀਅਰ ਸਿਪਾਹੀ ਨੂੰ ਉਕਤ ਮੁਕੱਦਮੇ ‘ਚ ਨਾਮਜ਼ਦ ਕੀਤਾ ਗਿਆ ਹੈ। ਉਕਤ ਅਧਿਕਾਰੀ ਨੇ ਦੱਸਿਆਂ ਕਿ ਉਨ੍ਹਾਂ ਵਲੋਂ ਪਹਿਲਾ ਗ੍ਰਿਫ਼ਤਾਰ ਕੀਤੇ ਗਏ ਸਿਪਾਹੀ ਨਵਜੋਤ ਸਿੰਘ ਨੇ ਦੱਸਿਆ ਕਿ ਉਹ ਉਕਤ ਪਦਾਰਥ ਆਪਣੇ ਦੋਸਤ ਸੀਨੀਅਰ ਸਿਪਾਹੀ ਰਣਵੀਰ ਸਿੰਘ ਵਾਸੀ ਦੋਰਾਹਾ ਜ਼ਿਲ੍ਹਾ ਲੁਧਿਆਣਾ ਤੋਂ ਲੈ ਕਿ ਅੱਗੇ ਵੇਚਦਾ ਹੈ, ਜੋ ਕਿ ਨਾਰਕੋਟਿਕ ਸੈੱਲ ਲੁਧਿਆਣਾ ਵਿਖੇ ਤਾਇਨਾਤ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਪੜਤਾਲ ਕਰਤਾ ਅਫ਼ਸਰ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਤਫ਼ਤੀਸ਼ ‘ਚ ਪਾਇਆ ਗਿਆ ਕਿ ਇਹ ਦੋਵੇਂ ਸਾਲ 2015 ਤੋਂ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਨਵਜੋਤ ਸਿੰਘ ਨੂੰ ਐਤਵਾਰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਪੰਜ ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਕਿਹਾ ਇਸ ਮਾਮਲੇ ‘ਚ ਹੋਰ ਕਿੰਨੇ ਵਿਅਕਤੀ ਜੁੜੇ ਹੋਏ ਹਨ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਗ੍ਰਿਫ਼ਤਾਰੀਆਂ ਹੋ ਸਕਣ।