ਜ਼ਿਲੇ ਦੇ 53 ਪਿੰਡਾਂ ਵਿਚ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦਾ ਹੋਇਆ ਆਗਾਜ਼
ਨਵਾਂਸ਼ਹਿਰ, 17 ਅਕਤੂਬਰ (ਨਿਊਜ਼ ਪੰਜਾਬ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਉਨਾਂ ਦੇ ਸਰਵਪੱਖੀ ਵਿਕਾਸ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਸਮਾਰਟ ਵਿਲੇਜ’ ਮੁਹਿੰਮ ਦੇ ਦੂਜੇ ਪੜਾਅ ਦੀ ਵਰਚੂਅਲ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਪੱਧਰ ’ਤੇ ਕੀਤੀ ਗਈ, ਜਿਸ ਵਿਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ 53 ਪਿੰਡ ਵੀ ਸ਼ਾਮਲ ਹਨ। ਇਨਾਂ 53 ਪਿੰਡਾਂ ਵਿਚ ਕਰਵਾਏ ਗਏ ਵਿਸ਼ੇਸ਼ ਸਮਾਗਮਾਂ ਦੌਰਾਨ ਸਨਮਾਨਯੋਗ ਸ਼ਖਸੀਅਤਾਂ ਅਤੇ ਉਥੋਂ ਦੀਆਂ ਪੰਚਾਇਤਾਂ ਵੈੱਬਐਕਸ ਅਤੇ ਫੇਸਬੁੱਕ ਜ਼ਰੀਏ ਇਸ ਵਰਚੂਅਲ ਪ੍ਰੋਗਰਾਮ ਦਾ ਹਿੱਸਾ ਬਣੀਆਂ ਅਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਤਹਿਤ ਜ਼ਿਲੇ ਦੇ 53 ਪਿੰਡਾਂ ਵਿਚ ਵੱਖ-ਵੱਖ ਵਿਕਾਸ ਕਾਰਜਾਂ ਲਈ 15.93 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਦੂਜੇ ਪੜਾਅ ਤਹਿਤ ਜ਼ਿਲੇ ਦੀਆਂ 466 ਗ੍ਰਾਮ ਪੰਚਾਇਤਾਂ ਵਿਚ 83 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ ਜਿਸ ਵਿਚ 2149 ਕੰਮ ਸ਼ਾਮਲ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ ਜਿਹੜੇ 53 ਪਿੰਡਾਂ ਵਿਚ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਤਹਿਤ ਵਿਕਾਸ ਕੰਮਾਂ ਦਾ ਆਗਾਜ਼ ਕੀਤਾ ਗਿਆ ਹੈ, ਉਨਾਂ ਵਿਚ ਬਹਿਰਾਮ, ਲਧਾਣਾ ਉੱਚਾ, ਮੰਢਾਲੀ, ਮਹਿਰਮਪੁਰ, ਚੱਕ ਬਿਲਗਾ, ਕੰਗਰੋੜ, ਚਾਂਦਪੁਰ ਰੁੜਕੀ ਕਲਾਂ, ਸਾਹਿਬਾ, ਬਛੌੜੀ, ਮੰਗੂਪੁਰ, ਕਰੀਮਪੁਰ ਧਿਆਨੀ, ਬਾਗੋਵਾਲ, ਮੁੱਤੋਂ, ਮਹਿਤਪੁਰ, ਗਹੂੰਣ, ਗੜੀ ਕਾਨੂੰਗੋਆ, ਸਿੰਬਲ ਮਜਾਰਾ, ਟਕਾਰਲਾ, ਅਮਰਗੜ, ਜਾਡਲਾ, ਮੰਗੂਵਾਲ, ਪਨੂੰ ਮਜਾਰਾ, ਨੋਰਾ, ਕਰਿਆਮ, ਮੀਰਪੁਰ ਜੱਟਾਂ, ਸੋਨਾ, ਉੜਾਪੜ, ਗਰਚਾ, ਔੜ, ਭਾਰਟਾ ਕਲਾਂ, ਲੜੋਆ, ਬੱਲੋਵਾਲ, ਚਾਹਲ ਕਲਾਂ, ਮੀਰਪੁਰ ਲੱਖਾਂ, ਕਟਾਰੀਆਂ, ਖਾਨਪੁਰ, ਘੁੰਮਣ, ਸੜੋਆ, ਜੈਨਪੁਰ, ਕਾਠਗੜ, ਰੈਲ ਮਾਜਰਾ, ਥੋਪੀਆ, ਮਝੋਟ, ਭੰਗਲ ਕਲਾਂ, ਕਾਹਮਾ, ਭੀਣ, ਸੋਇਤਾ, ਚੱਕਲੀ ਸੁਜਾਇਤ, ਕਾਹਲੋਂ, ਬੁਰਜ ਟਹਿਲ ਦਾਸ, ਚਾਹਲ ਖੁਰਦ, ਨੂਰਪੁਰ ਤੇ ਭਰੋ ਮਜਾਰਾ ਸ਼ਾਮਿਲ ਹਨ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਦੀ ਨੁਹਾਰ ਬਦਲ ਕੇ ਉਨਾਂ ਦੇ ਸਰਵਪੱਖੀ ਵਿਕਾਸ ਲਈ ਸਾਲ 2019 ਦੌਰਾਨ ਸਮਾਰਟ ਵਿਲੇਜ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੇ ਦੂਜੇ ਪੜਾਅ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਪਿੰਡਾਂ ਦੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਪੂਰਾ ਕਰਨਾ ਅਤੇ ਪਿੰਡਾਂ ਦਾ ਸੁੰਦਰੀਕਰਨ ਕਰਨਾ ਹੈ। ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਦਵਿੰਦਰ ਕੁਮਾਰ ਨੇ ਇਸ ਮੌਕੇ ਕਿਹਾ ਕਿ ਦੂਜੇ ਪੜਾਅ ਤਹਿਤ ਪਿੰਡਾਂ ਵਿਚ ਜਿਹੜੇ ਵਿਕਾਸ ਕਰਵਾਏ ਜਾਣੇ ਹਨ, ਉਨਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ, ਪੱਕੀਆਂ ਗਲੀਆਂ ਤੇ ਨਾਲੀਆਂ, ਪਾਰਕ, ਸੋਲਰ ਸਟਰੀਟ ਲਾਈਟਾਂ, ਸਕੂਲਾਂ ਦਾ ਕਾਇਆ ਕਲਪ, ਖੇਡ ਮੈਦਾਨਾਂ ਦੀ ਉਸਾਰੀ, ਛੱਪੜਾਂ ਦੇ ਵਿਕਾਸ, ਗੰਦੇ ਪਾਣੀ ਦਾ ਨਿਕਾਸ, ਸਾਲਿਡ ਵੇਸਟ ਮੈਨੇਜਮੈਂਟ ਸਿਸਟਮ, ਸੋਕ ਪਿੱਟ, ਵਾਟਰ ਰੀਚਾਰਚਿੰਗ, ਸਾਂਝੀਆਂ ਥਾਵਾਂ ਦੀ ਉਸਾਰੀ ਆਦਿ ਦੇ ਕੰਮ ਸ਼ਾਮਿਲ ਹਨ।