ਸ੍ਰੀ ਮੁਕਤਸਰ ਸਾਹਿਬ: ਵਿਜੇ ਸਾਂਪਲਾ ਵਲੋਂ ਕਾਂਗਰਸ ’ਤੇ ਗੁੰਡਾਗਰਦੀ ਕਰਨ ਦਾ ਦੋਸ਼
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਨਿਊਜ਼ ਪੰਜਾਬ)-ਪਿੰਡ ਮਹਾਂਬੱਧਰ ਤੋਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਕੁਲਦੀਪ ਸਿੰਘ ਭੰਗੇਵਾਲਾ ਤੇ ਹੋਰ ਆਗੂਆਂ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਹੱਦ ਤੋਂ ਅੱਗੇ ਪਿੰਡ ਖਾਰਾ ਵਿਖੇ ਫ਼ਰੀਦਕੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਇਸ ਸਮੇਂ ਫ਼ਰੀਦਕੋਟ ਜ਼ਿਲ੍ਹੇ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਸੁਰੱਖਿਆ ਤਹਿਤ ਉਸ ਨੂੰ ਲੈ ਕੇ ਅਗਲੇ ਪੜਾਅ ਲਈ ਰਵਾਨਾ ਹੋ ਗਏ। ਇਸ ਸਮੇਂ ਸ੍ਰੀ ਮੁਕਤਸਰ ਸਾਹਿਬ-ਫ਼ਰਦੀਕੋਟ ਜ਼ਿਲ੍ਹੇ ਦੀ ਹੱਦ ’ਤੇ ਜਦੋਂ ਸਾਂਪਲਾ ਪੁਲਿਸ ਗੱਡੀ ਵਿਚੋਂ ਉੱਤਰੇ ਤਾਂ ਉਸ ਸਮੇਂ ਵਰਕਰਾਂ ਨੇ ਜੋਸ਼ ਵਿਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਸ੍ਰੀ ਸਾਂਪਲਾ ਨੇ ਦੋਸ਼ ਲਾਇਆ ਕਿ ਸਾਨੂੰ ਮਹਾਂਬੱਧਰ ਵਿਖੇ ਕਿਸਾਨਾਂ ਨੇ ਨਹੀਂ ਰੋਕਿਆ, ਬਲਕਿ ਇਸ ਸਮੇਂ ਯੂਥ ਕਾਂਗਰਸ ਦੇ ਆਗੂ ਵੀ ਸਨ, ਜਿਨ੍ਹਾਂ ਨੇ ਸਾਨੂੰ ਅੱਤਿਆਚਾਰ ਦਾ ਸ਼ਿਕਾਰ ਹੋਏ ਪੀੜਤ ਪਰਿਵਾਰ ਨੂੰ ਮਿਲਣ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਕਾਂਗਰਸ ਸਰਕਾਰ ’ਤੇ ਗੁੰਡਾਗਰਦੀ ਦਾ ਦੋਸ਼ ਲਾਇਆ ਅਤੇ ਕੈਪਟਨ ਦੇ ਰਾਜ ਨੂੰ ਜੰਗਲ ਦਾ ਰਾਜ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਹਰ ਹਾਲਤ ਵਿਚ ਕੁੱਟਮਾਰ ਅਤੇ ਘਿਨਾਉਣੀ ਹਰਕਤ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਅਤੇ ਪਰਿਵਾਰ ਨੂੰ ਹੌਂਸਲਾ ਦੇਣ ਲਈ ਪਿੰਡ ਜਾਵਾਂਗੇ।