ਬਰਖ਼ਾਸਤ ਮਹਿਲਾ ਕਾਂਸਟੇਬਲ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, 50,000 ਰੁਪਏ ਦੇ ਬਾਂਡ ਦਾ ਕੀਤਾ ਭੁਗਤਾਨ
ਨਿਊਜ਼ ਪੰਜਾਬ
ਬਠਿੰਡਾ-1 ਮਈ 2025
ਬਠਿੰਡਾ ਪੁਲੀਸ ਲਾਈਨਜ਼ ਵਿੱਚ ਤਾਇਨਾਤ ਲੇਡੀ ਕਾਂਸਟੇਬਲ ਅਮਨਦੀਪ ਕੌਰ, ਜੋ ਹੈਰੋਇਨ ਸਮੇਤ ਫੜੀ ਗਈ ਸੀ ਅਤੇ ਬਾਅਦ ਵਿੱਚ ਬਰਖ਼ਾਸਤ ਹੋ ਗਈ ਸੀ, ਨੂੰ ਵੀਰਵਾਰ (1 ਮਈ) ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ। ਅਦਾਲਤ ਨੇ 50,000 ਰੁਪਏ ਦੇ ਜ਼ਮਾਨਤੀ ਬਾਂਡ ਭਰਨ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ। ਦੱਸ ਦੇਈਏ ਕਿ ਬਠਿੰਡਾ ਪੁਲੀਸ ਨੇ ਅਮਨਦੀਪ ਕੌਰ ਨੂੰ 2 ਅਪ੍ਰੈਲ ਨੂੰ 17.71 ਗ੍ਰਾਮ ਹੈਰੋਇਨ ਅਤੇ ਕਾਲੇ ਥਾਰ ਸਮੇਤ ਗ੍ਰਿਫ਼ਤਾਰ ਕੀਤਾ ਸੀ।ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਇੰਸਟਾ ‘ਤੇ ਰੀਲਾਂ ਪੋਸਟ ਕਰਨ ਦੀ ਸ਼ੌਕੀਨ ਅਮਨਦੀਪ ਕੌਰ ਦਾ ਪਹਿਲਾਂ 2 ਅਤੇ ਫਿਰ 3 ਦਿਨ ਦਾ ਰਿਮਾਂਡ ਲਿਆ ਸੀ। ਪੁਲਿਸ ਨੂੰ ਜਾਂਚ ਦੌਰਾਨ ਕੋਈ ਹੋਰ ਸਬੂਤ ਨਹੀਂ ਮਿਲਿਆ। ਇਸ ਮਾਮਲੇ ਵਿੱਚ ਅਮਨਦੀਪ ਦੇ ਇੱਕ ਸਾਥੀ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਜਦੋਂ ਉਸ ਕੋਲੋਂ ਕੁਝ ਨਾ ਮਿਲਿਆ ਤਾਂ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਅਮਨਦੀਪ ਕਰੀਬ ਇੱਕ ਮਹੀਨੇ ਤੋਂ ਜੇਲ੍ਹ ਵਿੱਚ ਸੀ। ਬਰਖ਼ਾਸਤ ਕਾਂਸਟੇਬਲ ਦੇ ਵਕੀਲ ਵਿਸ਼ਵਦੀਪ ਸਿੰਘ ਅਨੁਸਾਰ ਵੀਰਵਾਰ ਸਵੇਰੇ ਬਠਿੰਡਾ ਅਦਾਲਤ ਵਿੱਚ ਵਕੀਲਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ।