ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਾਫ਼ਲਾ ਰੋਕਿਆ
ਕਿਸਾਨ ਜਥੇਬੰਦੀਆਂ ਅਤੇ ਵਿਜੇ ਸਾਂਪਲਾ ਸਮਰਥਕ ਸੜਕ ‘ਤੇ ਬੈਠੇ
ਭਾਜਪਾ ਅਤੇ ਕਿਸਾਨ ਜਥੇਬੰਦੀਆਂ ਵਲੋਂ ਨਾਅਰੇਬਾਜ਼ੀ-ਟਕਰਾਅ ਦੀ ਸਥਿਤੀ
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਨਿਊਜ਼ ਪੰਜਾਬ)-ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਕਰਨ ਮਗਰੋਂ ਜਦੋਂ ਕਾਫ਼ਲੇ ਸਮੇਤ ਪਿੰਡ ਚੱਕ ਜਾਨੀਸਰ ਜਾਣ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਪਿਛਲੇ ਦਿਨੀਂ ਐੱਸ.ਸੀ. ਵਰਗ ਦੇ ਵਿਅਕਤੀ ਦੀ ਕੁੱਟਮਾਰ ਕਰਕੇ ਮੂੰਹ ਵਿਚ ਪਿਸ਼ਾਬ ਪਾ ਕੇ ਸ਼ਰਮਨਾਕ ਕਾਰਾ ਕੀਤਾ ਸੀ, ਦੇ ਪਿੰਡ ਜਾ ਰਹੇ ਸਨ। ਜਦੋਂ ਇਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਪਈ ਤਾਂ ਉਨ੍ਹਾਂ ਤੁਰੰਤ ਰਸਤੇ ਵਿਚ ਪਿੰਡ ਮਹਾਂਬੱਧਰ ਨੇੜੇ ਕਾਫ਼ਲੇ ਨੂੰ ਸੜਕ ‘ਤੇ ਧਰਨਾ ਦੇ ਕੇ ਰੋਕ ਦਿੱਤਾ। ਇਸ ਦੌਰਾਨ ਹੀ ਵਿਜੇ ਸਾਂਪਲਾ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਕੁਲਦੀਪ ਸਿੰਘ ਭੰਗੇਵਾਲਾ ਅਤੇ ਹੋਰ ਵਰਕਰ ਸੜਕ ‘ਤੇ ਧਰਨੇ ‘ਤੇ ਬੈਠ ਗਏ। ਇਸ ਸਮੇਂ ਦੋਵਾਂ ਧਿਰਾਂ ਵਲੋਂ ਆਹਮੋ-ਸਾਹਮਣੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਤਣਾਅਪੂਰਨ ਮਾਹੌਲ ਨੂੰ ਵੇਖਦਿਆਂ ਪੁਲਿਸ ਵੀ ਪਹੁੰਚ ਗਈ ਹੈ।