ਕਿਸਾਨਾਂ ਨੇ ਘੇਰਿਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ

ਮਾਨਸਾ, 12 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਗਾਂ ਨਾ ਮੰਨਣ ਕਰ ਕੇ ਪਿੰਡ ਬਰ੍ਹੇ ਨਾਲ ਸਬੰਧਿਤ ਬਜ਼ੁਰਗ ਕਿਸਾਨ ਔਰਤ ਤੇਜ਼ ਕੌਰ ਦਾ ਮੰਗਾਂ ਨਾ ਮੰਨਣ ਕਰ ਕੇ ਸਸਕਾਰ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਕਿ ਲੰਘੀ 9 ਅਕਤੂਬਰ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਬੁਢਲਾਡਾ ਰੇਲ ਪਟੜੀ ‘ਤੇ ਲਗਾਏ ਧਰਨੇ ਦੌਰਾਨ 85 ਵਰ੍ਹਿਆਂ ਦੀ ਉਕਤ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਬੁਢਲਾਡਾ ਦੀ ਮੋਰਚਰੀ ‘ਚ ਪਈ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀ ਨੀਤੀ ਤੋਂ ਅੱਕ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਸਵੇਰੇ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ 10 ਲੱਖ ਰੁਪਏ ਮੁਆਵਜ਼ਾ, 1 ਜੀਅ ਲਈ ਨੌਕਰੀ ਅਤੇ ਪਰਿਵਾਰ ਸਿਰ ਚੜ੍ਹੇ ਪੂਰੇ ਕਰਜ਼ੇ ਨੂੰ ਮੁਆਫ਼ ਕਰਨ ਤੱਕ ਘਿਰਾਓ ਜਾਰੀ ਰਹੇਗਾ ਅਤੇ ਉਸ ਤੋਂ ਬਾਅਦ ਹੀ ਮਾਤਾ ਤੇਜ ਕੌਰ ਦਾ ਸਸਕਾਰ ਕੀਤਾ ਜਾਵੇਗਾ। ਪੁਲਿਸ ਪ੍ਰਸ਼ਾਸਨ ਵਲੋਂ ਧਰਨੇ ਦੇ ਨੇੜੇ ਵੱਡੀ ਗਿਣਤੀ ‘ਚ ਪੁਲਿਸ ਨਫ਼ਰੀ ਤਾਇਨਾਤ ਕੀਤੀ ਹੋਈ ਹੈ।