ਖੇਤੀ ਕਾਨੂੰਨਾਂ ਨੂੰ ਲੈ ਕੇ ਲੋਕਾਂ ‘ਚ ਸਰਕਾਰ ਪ੍ਰਤੀ ਅੰਗਰੇਜ਼ ਹਕੂਮਤ ਤੋਂ ਵੀ ਵੱਧ ਰੋਸ

ਸੁਨਾਮ ਊਧਮ ਸਿੰਘ ਵਾਲਾ, 12 ਅਕਤੂਬਰ (ਨਿਊਜ਼ ਪੰਜਾਬ)- ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ‘ਚ ਵਿੱਢੇ ਗਏ ਕਿਸਾਨ ਸੰਘਰਸ਼ ਦੇ ਬਾਰ੍ਹਵੇਂ ਦਿਨ ਵੀ ਅਣਮਿਥੇ ਸਮੇਂ ਲਈ ਕਿਸਾਨਾਂ ਵਲੋਂ ਸੁਨਾਮ ਰੇਲਵੇ ਸਟੇਸ਼ਨ ‘ਤੇ ਰੇਲਾਂ ਦਾ ਚੱਕਾ ਜਾਮ ਅਤੇ ਸ਼ਹਿਰ ਦੇ ਰਿਲਾਇੰਸ ਤੇ ਐਸ. ਆਰ. ਪੈਟਰੋਲ ਪੰਪਾਂ ਦਾ ਘਿਰਾਓ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਭੜਾਸ ਕੱਢੀ ਗਈ। ਜਥੇਬੰਦੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੇ ਬੋਲਦਿਆਂ ਕਿਹਾ ਕਿ ਕੇਂਦਰ ਵਲੋਂ ਥੋਪੇ ਗਏ ਖੇਤੀ ਕਾਨੂੰਨ ਸਿਰਫ਼ ਕਿਸਾਨ ਵਿਰੋਧੀ ਹੀ ਨਹੀਂ, ਬਲਕਿ ਲੋਕ ਵਿਰੋਧੀ ਵੀ ਹਨ, ਜਿਨ੍ਹਾਂ ਦਾ ਹਰ ਵਰਗ ‘ਤੇ ਮਾਰੂ ਅਸਰ ਪਵੇਗਾ।ਕਿਸਾਨ ਆਗੂਆਂ ਨੇ ਸਰਕਾਰ ਤੋਂ ਝੋਨੇ ਦੀ ਪਰਾਲੀ ਦੇ ਬਦਲ ਦੀ ਮੰਗ ਕਰਦਿਆਂ ਕਿਹਾ ਕਿ ਇਸ ਵਿਸ਼ੇ ਬਾਰੇ ਕਿਸਾਨ ਸਰਕਾਰ ਨਾਲੋਂ ਵੀ ਵੱਧ ਚਿੰਤਤ ਹਨ, ਕਿਉਂਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਸਾਹ ਅਤੇ ਗਲੇ ਆਦਿ ਦੀਆਂ ਬਿਮਾਰੀਆਂ ਫੈਲਦੀਆਂ ਹਨ ਅਤੇ ਇਨ੍ਹਾਂ ਬਿਮਾਰੀਆਂ ਦੇ ਪੀੜਤਾਂ ‘ਚ ਵੀ ਕਿਸਾਨ ਅਤੇ ਮਜ਼ਦੂਰ ਹੀ ਸਭ ਤੋਂ ਵੱਧ ਆਉਂਦੇ ਹਨ।ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ, ਨਾ ਕਿ ਕੋਈ ਸ਼ੌਕ।ਖ਼ਾਸ ਗੱਲ ਜੋ ਵੇਖਣ ਨੂੰ ਮਿਲ ਰਹੀ ਹੈ ਉਹ ਇਹ ਕਿ ਲੋਕ ਲਹਿਰ ਦਾ ਰੂਪ ਧਾਰ ਚੁੱਕੇ ਕਿਸਾਨ ਸੰਘਰਸ਼ ਨੂੰ ਲੋਕਾਂ ਦੇ ਹਰ ਵਰਗ ਦੀ ਇਸ ਹੱਦ ਤੱਕ ਹਮਦਰਦੀ ਮਿਲ ਰਹੀ ਹੈ ਕਿ ਲੋਕਾਂ ‘ਚ ਸਰਕਾਰ ਪ੍ਰਤੀ ਅੰਗਰੇਜ਼ ਹਕੂਮਤ ਤੋਂ ਵੀ ਵੱਧ ਰੋਸ ਵੇਖਣ ਨੂੰ ਮਿਲ ਰਿਹਾ ਹੈ।ਇੱਥੋਂ ਤੱਕ ਕਿ ਹੱਥਾਂ ‘ਚ ਕਿਸਾਨ ਜਥੇਬੰਦੀਆਂ ਦੇ ਝੰਡੇ ਫੜਕੇ ਥਾਂ ਥਾਂ ਨਿੱਕੇ ਨਿੱਕੇ ਬੱਚੇ ਵੀ ਮੋਦੀ ਖ਼ਿਲਾਫ਼ ਭੜਾਸ ਕੱਢ ਰਹੇ ਹਨ।