ਹੁਣ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਨਹੀਂ ਲੋੜ ਹੈਪੀਸੀਡਰ ਨਾਲ ਘੱਟ ਖਰਚ ‘ਚ ਹੋਵੇਗੀ ਕਣਕ ਦੀ ਬਿਜਾਈ
ਨਿਊਜ਼ ਪੰਜਾਬ
ਲੁਧਿਆਣਾ, 27 ਸਤੰਬਰ – ਖੇਤੀਬਾੜੀ ਵਿਕਾਸ ਅਫ਼ਸਰ ਜਗਰਾਉਂ ਡਾ. ਰਮਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਬੜੇ ਘੱਟ ਖਰਚੇ ‘ਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰ ਇਸ ਨੂੰ ਸਫਲ ਬਣਾਉਣ ਲਈ ਕੁਝ ਜ਼ਰੂਰੀ ਨੁਕਤੇ ਸਮਝਣ ਦੀ ਲੋੜ ਹੈ।
ਉਨ੍ਹਾਂ ਕਿਸਾਨਾਂ ਨੂੰ ਬਿਨ੍ਹਾਂ ਪਰਾਲੀ ਸਾੜੇ, ਘੱਟ ਖਰਚੇ ਰਾਹੀਂ ਕੁਝ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਝੋਨੇ ਦੀ ਵਾਢੀ ਐਸ.ਐਮ.ਐਸ. ਵਾਲੀ ਕੰਬਾਇਨ ਨਾਲ ਕਰਨੀ ਚਾਹੀਦੀ ਹੈ। ਐਸ.ਐਮ.ਐਸ. ਉਪਰਲੀ ਪਰਾਲੀ ਜਾਂ ਲਿੱਦ ਨੂੰ ਇਕਸਾਰ ਖੇਤ ਵਿੱਚ ਖਿਲਾਰਦਾ ਹੈ ਜਿਸ ਤੋਂ ਬਾਅਦ ਹੈਪੀਸੀਡਰ ਬੜੀ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਉਗਣ ਸ਼ਕਤੀ ਦੇ ਪੱਖੋਂ ਖੇਤ ਦਾ ਵੱਤਰ ਹੋਣਾ ਬਹੁਤ ਜ਼ਰੂਰੀ ਹੈ। ਬਿਜਾਈ ਤੋਂ ਪਹਿਲਾਂ ਖੜੇ ਕਰਚਿਆਂ ‘ਚ 25 ਕਿਲੋ ਯੂਰੀਏ ਦਾ ਛਿੱਟਾ ਮਾਰੋ। ਹੈਪੀਸੀਡਰ ਨਾਲ ਕਣਕ ਬੀਜਣ ਲਈ ਪ੍ਰਤੀ ਏਕੜ 50 ਕਿਲੋ ਬੀਜ ਅਤੇ 55 ਕਿਲੋ ਡੀ.ਏ.ਪੀ. ਦੀ ਵਰਤੋਂ ਕਰੋ। ਬਿਜਾਈ ਤੋਂ ਪਹਿਲਾਂ ਬੀਜ ਨੂੰ ਕਲੋਰਪਾਈਰੀਫੌਸ 4 ਮਿਲੀਲੀਟਰ ਪ੍ਰਤੀ ਕਿਲੋ ਅਤੇ ਰੈਕਸਿਲ 1 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਜ਼ਰੂਰ ਸੋਧ ਲੈਣਾ ਚਾਹੀਦਾ ਹੈ। ਬੀਜ ਦੀ ਡੁੰਘਾਈ 3 ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਕਣਕ ਦੇ ਕਿਆਰੇ ਛੋਟੇ ਰੱਖੋ ਤਾਂ ਜੋ ਪਹਿਲਾਂ ਪਾਣੀ ਹਲਕਾ ਲੱਗੇ। ਪਹਿਲਾ ਪਾਣੀ ਬਿਜਾਈ ਤੋਂ 35-40 ਦਿਨ ‘ਤੇ ਲਗਾਉਣਾ ਚਾਹੀਦਾ ਹੈ ਅਤੇ ਪਾਣੀ ਲਾਉਣ ਤੋ ਤੁਰੰਤ ਪਹਿਲਾਂ 45-50 ਕਿਲੋ ਯੂਰੀਆ ਪ੍ਰਤੀ ਏਕੜ ਪਾਉ।
ਇਸ ਲਈ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਹਿੱਤ ਵਿੱਚ ਆਪਣੀ ਨੈਤਿਕ ਤੇ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਪਰਾਲੀ ਨੂੰ ਅੱਗ ਨਾ ਲਾਓ ਤੇ ਕੋਰੋਨਾ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਅਤੇ ਇਸ ‘ਤੇ ਫਤਿਹ ਪਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ।
ਉਨ੍ਹਾਂ ਅੱਗੇ ਕਿਹਾ ਕਿ ਕੁਝ ਕਿਸਾਨਾਂ ਅੰਦਰ ਹੈਪੀਸੀਡਰ ਨਾਲ ਕਣਕ ਬੀਜਣ ਨਾਲ ਝਾੜ ਘੱਟਣ ਜਾਂ ਗੁਲਾਬੀ ਸੁੰਡੀ/ਸੈਨਿਕ ਸੁੰਡੀ ਦਾ ਹਮਲਾ ਹੋਣ ਦਾ ਖਦਸਾ ਬਣਿਆ ਹੋਇਆ ਹੈ। ਪ੍ਰੰਤੂ ਜੇਕਰ ਅਸੀਂ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਹੀ ਸਮੇਂ ‘ਤੇ ਕਣਕ ਦੀ ਬਿਜਾਈ ਕਰਾਂਗੇ ਤਾਂ ਅਸੀਂ ਬਿਨ੍ਹਾਂ ਕਿਸੇ ਸਮੱਸਿਆ ਦੇ ਚੰਗਾ ਝਾੜ ਪ੍ਰਾਪਤ ਕਰ ਸਕਦੇ ਹਾਂ।
ਉਨ੍ਹਾਂ ਸਫਲ ਕਿਸਾਨਾਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਬਲਾਕ ਜਗਰਾਉਂ ਦੇ ਕਿਸਾਨ ਪ੍ਰੀਤਮ ਸਿੰਘ ਅਗਵਾੜ ਲੋਪੋਂ ਕਲਾਂ, ਬੇਅੰਤ ਸਿੰਘ ਅਗਵਾੜ ਡਾਲਾ, ਹਰਜੀਤ ਸਿੰਘ ਚੌਕੀਮਾਨ, ਸਮਸ਼ੇਰ ਸਿੰਘ ਰਸੂਲਪੁਰ ਆਦਿ ਪਿਛਲੇ 4-5 ਸਾਲਾਂ ਤੋਂ ਹੈਪੀਸੀਡਰ ਵਰਤ ਕੇ ਕਣਕ ਦੀ ਕਾਸ਼ਤ ਕਰ ਰਹੇ ਹਨ ਅਤੇ ਬਿਨ੍ਹਾਂ ਪਰਾਲੀ ਸਾੜੇ, ਵਾਤਾਵਰਣ ਨੂੰ ਬਿਨ੍ਹਾਂ ਪ੍ਰਦੂਸ਼ਿਤ ਕੀਤੇ ਜਿੱਥੇ ਵਧੀਆ ਝਾੜ ਪ੍ਰਾਪਤ ਕਰ ਰਹੇ ਹਨ, ਉੱਥੇ ਮਿੱਟੀ ਦੀ ਸਿਹਤ ਵੀ ਸੁਧਾਰ ਰਹੇ ਹਨ। ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਹਰ ਸਾਲ ਪ੍ਰਚਾਰ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਅਪੀਲ ਕੀਤੀ ਜਾਂਦੀ ਰਹੀ ਹੈ, ਪਰ ਇਸ ਵਾਰ ਸਥਿਤੀ ਹੋਰ ਵੀ ਗੰਭੀਰ ਬਣੀ ਹੋਈ। ਦੁਨੀਆਂ ਭਰ ਵਿਚ ਕੋਰੋਨਾ ਮਹਾਂਮਾਰੀ ਨੇ ਆਪਣਾ ਕਹਿਰ ਢਾਇਆ ਹੈ, ਲੱਖਾਂ ਕੀਮਤੀ ਜਾਨਾਂ ਅਜਾਂਈ ਚਲੀਆਂ ਗਈਆ ਹਨ। ਕੋਰੋਨਾ ਬਿਮਾਰੀ ਨਾਲ ਪੀੜਤ ਰੋਗੀਆਂ ਵਿੱਚ ਵੱਖ-ਵੱਖ ਪ੍ਰਕਾਰ ਦੇ ਲੱਛਣ ਪਾਏ ਜਾਂਦੇ ਹਨ ਜਿਵੇਂ ਤੇਜ਼ ਬੁਖਾਰ, ਤੇਜ਼ ਸਿਰਦਰਦ, ਪੇਟ ਖਰਾਬ ਹੋਣਾ, ਅੱਖਾਂ ਵਿੱਚ ਜਲਣ ਆਦਿ ਪਰ ਸਭ ਤੋਂ ਜ਼ਿਆਦਾ ਜੋ ਇਸ ਵੇਲੇ ਮੁਸ਼ਕਿਲ ਆ ਰਹੀ ਹੈ, ਉਹ ਹੈ ਸਾਹ ਸਬੰਧੀ ਬਿਮਾਰੀਆਂ, ਜਿਸ ਨਾਲ ਰੋਗੀ ਦਾ ਆਕਸੀਜ਼ਨ ਲੈਵਲ ਬਹੁਤ ਘੱਟ ਜਾਂਦਾ ਹੈ, ਸਾਹ ਲੈਣ ਵਿਚ ਤਕਲੀਫ ਹੁੰਦੀ ਹੈ। ਅਜਿਹੇ ਸਮੇਂ ਵਿੱਚ ਜੇਕਰ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਿਆਂ ਜਾਂਦਾ ਹੈ ਤਾਂ ਉਸ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋਵੇਗਾ ਨਾਲ ਹੀ ਕੋਰੋਨਾ ਰੋਗੀਆਂ ਲਈ ਘਾਤਕ ਸਿੱਧ ਹੋਵੇਗਾ।