ਪ੍ਰਸਿੱਧ ਅਰਥ ਸਾਸ਼ਤਰੀ ਈਸ਼ਰ ਜੱਜ ਆਹਲੂਵਾਲੀਆ ਦਾ ਦੇਹਾਂਤ – ਕੈਪਟਨ ਅਮਰਿੰਦਰ ਸਿੰਘ ਡੂੰਘੇ ਦੁੱਖ ਦਾ ਪ੍ਰਗਟਾਵਾ
ਨਿਊਜ਼ ਪੰਜਾਬ
ਚੰਡੀਗੜ•, 26 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਪ੍ਰਸਿੱਧ ਅਰਥਸਾਸ਼ਤਰੀ ਈਸ਼ਰ ਜੱਜ ਆਹਲੂਵਾਲੀਆ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀਮਤੀ ਆਹਲੂਵਾਲੀਆ 1998 ਤੋਂ 2002 ਤੱਕ ਕੌਮਾਂਤਰੀ ਆਰਥਿਕ ਰਿਸ਼ਤਿਆਂ ਬਾਰੇ ਇੰਡੀਅਨ ਕੌਂਸਲ ਫਾਰ ਰਿਸਰਚ ਦੇ ਬੋਰਡ ਆਫ ਗਵਰਨਰਜ਼ ਦੇ ਚੇਅਰਪਰਸਨ, ਡਾਇਰੈਕਟਰ ਤੇ ਚੀਫ ਐਗਜ਼ੈਕਟਿਵ ਰਹਿਣ ਤੋਂ ਇਲਾਵਾ ਉਨ•ਾਂ (ਕੈਪਟਨ ਅਮਰਿੰਦਰ ਸਿੰਘ) ਦੇ ਪਿਛਲੇ ਕਾਰਜਕਾਲ ਦੌਰਾਨ ਸੂਬਾਈ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਰਹੇ ਹਨ।
ਮਾਹਿਰ ਅਰਥ ਸਾਸ਼ਤਰੀ ਅਤੇ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਦੀ ਪਤਨੀ ਈਸ਼ਰ ਜੱਜ ਆਹਲੂਵਾਲੀਆ (74) ਨੇ 10 ਮਹੀਨੇ ਦਿਮਾਗ ਦੇ ਕੈਂਸਰ ਨਾਲ ਜੂਝਣ ਤੋਂ ਬਾਅਦ ਅੱਜ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤੀ ਤੇ ਦੋ ਪੁੱਤਰ ਛੱਡ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਮੌਂਟੇਕ ਸਿੰਘ ਆਹਲੂਵਾਲੀਆ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਆਪਣੇ ਸ਼ੋਕ ਸੁਨੇਹੇ ਵਿੱਚ ਉਨ•ਾਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।