ਸ਼੍ਰੋਮਣੀ ਕਮੇਟੀ ਆਪਣੀਆਂ ਬੇਸ਼ਕੀਮਤੀ ਜ਼ਮੀਨਾਂ ਨੂੰ ਸੁਰੱਖਿਅਤ ਕਰਨ ਲਈ ਠੋਸ ਕਦਮ ਚੁੱਕੇ – ਜੱਥੇ:ਨਿਮਾਣਾ
ਗੁ.ਥੜ੍ਹਾ ਸਾਹਿਬ ਦੀ ਜ਼ਮੀਨ ਉਪਰ ਸ਼੍ਰੋਮਣੀ ਕਮੇਟੀ ਹਸਪਤਾਲ ਦਾ ਨਿਰਮਾਣ ਕਰੇ
ਲੁਧਿਆਣਾ,18 ਦਸੰਬਰ ( ਪ੍ਰਿਤਪਾਲ ਸਿੰਘ ) ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਸਿੱਖ ਪੰਥ ਦੀ ਸਿਰਮੋਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਜੋਰਦਾਰ ਆਪੀਲ ਕਰਦਿਆਂ ਹੋਇਆ ਕਿਹਾ ਕਿ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਨਾਲ-ਨਾਲ ਸਿੱਖ ਧਰਮ ਅਸਥਾਨਾਂ ਦੇ ਪ੍ਰਬੰਧਾ ਦੀ ਦੇਖ ਰੇਖ ਕਰਨ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਸਿੱਖ ਸੰਗਤਾਂ ਵੱਲੌਂ ਦਾਨ ਕੀਤੀਆਂ ਗਈਆਂ ਬੇਸ਼ਕੀਮਤੀ ਜਮੀਨਾਂ,ਜਾਇਦਾਦਾਂ ਨੂੰ ਭੂ ਮਾਫੀਏ ਤੇ ਸੁਰੱਖਿਅਤ ਰੱਖਣ ਲਈ ਤੁਰੰਤ ਸਖਤ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਘਰ ਦੀਆਂ ਜਮੀਨਾਂ ਉਪਰ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੀ ਖਤਮ ਹੋ ਜਾਵੇਗਾ।ਜੱਥੇਦਾਰ ਨਿਮਾਣਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਸ ਢੰਗ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਇਆਲੀ ਕਲਾਂ ਵਿਖੇ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ਼੍ਰੀ ਥੜ੍ਹਾ ਸਾਹਿਬ ਦੇ ਨਾਮ ਬੋਲਦੀ ਲਗਭਗ 32 ਏਕੜ ਜਮੀਨ ਉਪਰ ਇੱਕ ਪ੍ਰਾਈਵੇਟ ਕਲੌਨਾਈਜ਼ਰ ਵੱਲੋ ਆਪਣੇ ਨਿੱਜੀ ਮੁਫਾਦਾਂ ਲਈ (ਸੜਕ ਚੌੜੀ ਕਰਨ ਲਈ) ਸਰਕਾਰੀ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਕਬਜ਼ਾ ਕਰਨ ਦੀਆਂ ਖ਼ਬਰਾਂ ਇਲਾਕੇ ਦੇ ਵਸਨੀਕਾਂ ਅਤੇ ਸੰਗਤਾਂ ਤੋ ਪ੍ਰਾਪਤ ਹੋ ਰਹੀਆਂ ਹਨ। ਉਹ ਖੁੱਲ੍ਹੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਕਾਰਜਾਂ ਵਿੱਚ ਆਏ ਅਵੇਸਲੇ ਪਨ ਦੀ ਪ੍ਰਤੱਖ ਨਿਸ਼ਾਨੀ ਹੈ। ਜਿਸ ਨੂੰ ਸਾਡੀ ਜੱਥੇਬੰਦੀ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਸ਼ਪਸ਼ੱਟ ਤੌਰ ਤੇ ਕਿਹਾ ਕਿ ਗੁਰਦੁਆਰਾ ਸ਼੍ਰੀ ਥੜ੍ਹਾ ਸਾਹਿਬ ਦੇ ਨਾਮ ਬੋਲਦੀ ਬੇਸ਼ਕੀਮਤੀ ਜ਼ਮੀਨ ਪੰਥ ਦੀ ਜਾਗੀਰ ਹੈ।ਇਸ ਲਈ ਉਕਤ ਜ਼ਮੀਨ ਉਪਰ ਲੁਧਿਆਣਾ ਦੀਆਂ ਸੰਗਤਾਂ ਕਿਸੇ ਵੀ ਕੀਮਤ ਤੇ ਨਜਾਇਜ਼ ਕਬਜਾ ਨਹੀਂ ਹੋਣ ਦੇਣਗੀਆਂ। ਜੱਥੇ:ਨਿਮਾਣਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋ ਮੰਗ ਕੀਤੀ ਕੀ ਉਕਤ ਜ਼ਮੀਨ ਉਪਰ ਸਰਬੱਤ ਦੇ ਭਲੇ ਦਾ ਕਾਰਜ ਕਰਦਿਆਂ ਹੋਇਆਂ ਤੁਰੰਤ ਸ਼੍ਰੋਮਣੀ ਕਮੇਟੀ ਭਾਈ ਘਨ੍ਹੱਈਆ ਸਿੰਘ ਜੀ ਦੇ ਨਾਮ ਤੇ ਇੱਕ ਆਧੁਨਿਕ ਚੈਰੀਟੇਬਲ ਹਸਪਤਾਲ ਦਾ ਨਿਰਮਾਣ ਕਰੇ ਤਾਂ ਇਲਾਕੇ ਦੀਆਂ ਸੰਗਤਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਾਪਤ ਹੋ ਸਕਣ ਅਤੇ ਨਾਲ ਹੀ ਬੇਸ਼ਕੀਮਤੀ ਜ਼ਮੀਨ ਵੀ ਸੁਰੱਖਿਅਤ ਹੋ ਸਕੇ। ਇਸ ਮੌਕੇ ਤੇ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਪ੍ਰਮੁੱਖ ਸੇਵਾਦਾਰ ਭਾਈ ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਬਤਰਾ,ਆਮਿ੍ਤਪਾਲ ਸਿੰਘ, ਸੁਰਿੰਦਰਜੀਤ ਸਿੰਘ ਸੰਧੂ, ਜਗਜੀਤ ਸਿੰਘ ਟਵਿੰਕਲ ਆਦਿ ਹਾਜ਼ਰ ਸਨ