ਪਿੰਡ ਬਾਦਲ ਵਿਖੇ ਧਰਨਾ ਦੇ ਰਹੇ ਇੱਕ ਕਿਸਾਨ ਵਲੋਂ ਆਤਮ ਹੱਤਿਆ ਦੀ ਕੋਸ਼ਿਸ਼ – ਹਾਲਤ ਨਾਜ਼ੁਕ
ਨਿਊਜ਼ ਪੰਜਾਬ
ਮੁਕਤਸਰ ਸਾਹਿਬ , 18 ਸਤੰਬਰ – ਪੰਜਾਬ ਵਿੱਚ ਖੇਤੀਬਾੜੀ ਬਿੱਲ ਪ੍ਰਤੀ ਕਿਸਾਨਾਂ ਵਿੱਚ ਰੋਸ ਵਧਦਾ ਹੀ ਜਾ ਰਿਹਾ ਹੈ। ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਸਾਹਮਣੇ ਧਰਨੇ ਵਿੱਚ ਬੈਠੇ ਇੱਕ ਕਿਸਾਨ ਨੇ ਜ਼ਹਿਰ ( ਸਲਫਾਸ ) ਖਾ ਕੇ ਮਰਨ ਦੀ ਕੋਸ਼ਿਸ਼ ਕੀਤੀ । ਉਸਦੀ ਹਾਲਤ ਕਾਫ਼ੀ ਨਾਜ਼ੁਕ ਹੈ। ਕਿਸਾਨ ਦੀ ਪਛਾਣ ਪ੍ਰੀਤਮ ਸਿੰਘ (55) ਨਿਵਾਸੀ ਪਿੰਡ ਅੱਕਾਂਵਾਲੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ।
ਖੇਤੀ ਆਰਡੀਨੈਂਸ ਖ਼ਿਲਾਫ਼ ਅੱਜ ਸਵੇਰੇ ਜ਼ਿਲਾ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਮੋਰਚੇ ‘ਚ ਇੱਕ ਕਿਸਾਨ ਨੇ ਸਲਫਾਸ ਦੀ ਗੋਲੀ ਖਾ ਲਈ। ਜਿਸ ਨੂੰ ਸਿਵਲ ਹਸਪਤਾਲ ਬਾਦਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦਾ ਕਰੀਬ 55 ਸਾਲਾ ਪ੍ਰੀਤਮ ਸਿੰਘ ਪੁੱਤਰ ਬਚਨ ਸਿੰਘ ਨੇ ਮੋਰਚੇ ‘ਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸ ਨੇ ਸਲਫ਼ਾਸ ਦੀ ਗੋਲੀ ਨਿਗਲ ਲਈ ਹੈ। ਜਿਸ ‘ਤੇ ਕਿਸਾਨ ਮੋਰਚੇ ‘ਚ ਮੌਜੂਦ ਕਿਸਾਨਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਹਾਲਤ ‘ਚ ਸੁਧਾਰ ਨਾ ਹੋਣ ‘ਤੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ।