ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਰਚੁਅਲ ਕਿਸਾਨ ਮੇਲੇ ਵਿੱਚ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ ਕੀਤੀ ਸ਼ਿਰਕਤ

– ਕਿਸਾਨ ਵੀਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਸਵੱਛਤਾ ਵਿਚ ਆਪਣਾ ਯੋਗਦਾਨ ਪਾਉਣ – ਡਿਪਟੀ ਕਮਿਸ਼ਨਰ
– ਅੱਗ ਲਗਾਉਣ ਵਾਲੇ ਕਿਸਾਨਾਂ ਤੇ ਕੀਤੀ ਜਾਵੇਗੀ ਸਖਤ ਕਾਰਵਾਈ
ਡਾ. ਸਵਰਨਜੀਤ ਸਿੰਘ
ਮੋਗਾ, 18 ਸਤੰਬਰ  – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਸਾਲਾਨਾ ਕਿਸਾਨ ਮੇਲਾ ਇਸ ਵਾਰ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਆਨਲਾਈਨ ਹੀ ਹੋ ਰਿਹਾ ਹੈ। ਇਸ ਮੇਲੇ ਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਹੀ ਉਦਘਾਟਨ ਕੀਤਾ। ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ ਵੀ ਇਸ ਮੇਲੇ ਵਿੱਚ ਆਨਲਾਈਨ ਸ਼ਿਰਕਤ ਕੀਤੀ। ਜਿਸ ਸਬੰਧੀ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੀਡੀਉ ਕਾਨਫਰੰਸਿੰਗ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ ਚੜਿੱਕ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਅਧਿਕਾਰੀ ਹਾਜ਼ਰ ਸਨ।
ਇਸ ਮੇਲੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਹੋਰ ਖੇਤੀ ਮਾਹਿਰਾਂ ਨੇ ਨਵੀਆਂ ਖੇਤੀ ਤਕਨੀਕਾਂ ਅਤੇ ਬੀਜਾਂ ਬਾਰੇ ਜਾਣਕਾਰੀ ਦਿੱਤੀ। ਖੇਤੀ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਵਿੱਚ ਖੇਤੀ ਨੂੰ ਹੋਰ ਪ੍ਰਫੁਲਿਤ ਕਰਨ ਦੀਆਂ ਹੋਰ ਬਹੁਤ ਸੰਭਾਵਨਾਵਾਂ ਹਨ, ਜਿਹਨਾਂ ਨੂੰ ਤਲਾਸ਼ਣ ਲਈ ਕਿਸਾਨਾਂ ਨੂੰ ਵੀ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ। ਖੇਤੀਬਾੜੀ ਨੂੰ ਹੋਰ ਲਾਹੇਬੰਦ ਕਰਨ ਲਈ ਅੱਜ ਲੋੜ ਹੈ ਕਿ ਨਵੀਆਂ ਤਕਨੀਕਾਂ ਅਤੇ ਸੁਧਰੇ ਬੀਜਾਂ ਦੀ ਵਰਤੋਂ ਕੀਤੀ ਜਾਵੇ। ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ ਇਸ ਮੇਲੇ ਵਿਚ ਸ਼ਿਰਕਤ ਕਰਨ ਉਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਕਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਵਾਰ ਯਕੀਨ ਨਹੀਂ ਸੀ ਕਿ ਉਹ ਇਸ ਮੇਲੇ ਵਿਚ ਸ਼ਿਰਕਤ ਕਰ ਸਕਣਗੇ ਜਾਂ ਨਹੀਂ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਉਹ ਇਸ ਮੇਲੇ ਨਾਲ ਜੁੜ ਸਕੇ ਹਨ।
ਇਸ ਮੌਕੇ ਪੱਤਰਕਾਰਾਂ ਅਤੇ ਕਿਸਾਨਾਂ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕਿਹਾ ਕਿ ਇਸ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਅਤੇ ਹੋਰ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇ ਪੂਰਨ ਪਾਬੰਦੀ ਹੈ। ਕੋਈ ਵੀ ਕਿਸਾਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਦੀ ਉਲੰਘਣਾ ਨਹੀ ਕਰ ਸਕਦਾ ਅਤੇ ਜੇਕਰ ਕੋਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਵੇਗਾ ਤਾਂ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਜ਼ੀਰੋ ਪ੍ਰਤੀਸ਼ਤ ਸਟੱਬਲ ਬਰਨਿੰਗ ਦੀ ਪ੍ਰਾਪਤੀ ਲਈ ਸਮੂਹ ਅਧਿਕਾਰੀਆਂ, ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਅਤੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਹਨਾਂ ਕਰੋਨਾ ਮਹਾਂਮਾਰੀ ਦੇ ਚਲਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਨੂੰ ਹੋਰ ਵੀ ਅਹਿਮ ਦੱਸਿਆ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਕਾਮਯਾਬ ਬਣਾਉਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਜਿਲ੍ਹੇ ਵਿਚ ਰੀਪਰ ਚਲਾਉਣ ਤੇ ਪੂਰਨ ਪਾਬੰਦੀ ਲਗਾਈ ਜਾ ਰਹੀ ਹੈ ਅਤੇ ਜੇਕਰ ਕਿਸੇ ਕਿਸਾਨ ਨੇ ਗੱਠਾਂ ਬਨਵਾਉਣੀਆਂ ਹਨ ਤਾਂ ਉਹ ਸਿਰਫ ਮਨਜੂਰੀ ਲੈਣ ਉਪਰੰਤ ਹੀ ਰੀਪਰ ਦਾ ਇਸਤੇਮਾਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ/ਕਰਮਚਾਰੀ, ਐਨ.ਆਰ.ਆਈ, ਸਰਪੰਚ, ਪੰਚ, ਨੰਬਰਦਾਰ, ਕੰਬਾਈਨ ਮਾਲਕ, ਐਮ.ਐਲ.ਏਜ਼, ਡੇਅਰੀ ਸੈਟਰਾਂ ਦੇ ਮਾਲਕ, ਲਾਇਸੰਸ ਹੋਲਡਰ, ਆੜ੍ਹਤੀਏ, ਕੋਆਪ੍ਰੇਟਿਵ ਸੁਸਾਇਟੀਜ਼ ਦੇ ਕਰਮਚਾਰੀ ਅਤੇ ਮੋਬਰ ਆਦਿ ਸਾਰੇ ਇਹ ਗੱਲ ਯਕੀਨੀ ਬਨਾਉਣਗੇ ਕਿ ਉਨ੍ਹਾਂ ਦੇ ਜ਼ਮੀਨ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਇਸ ਸਬੰਧੀ ਜ਼ਿਲ੍ਹਾ ਪੱਧਰ ਤੇ ਪਲਾਨ ਤਿਆਰ ਕਰ ਲਿਆ ਗਿਆ ਹੈ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨਾਲ ਨਿੱਜੀ ਤਾਲਮੇਲ, ਇਸ਼ਤਿਹਾਰਾਂ ਰਾਹੀ, ਪ੍ਰਚਾਰ ਵੈਨਾਂ ਰਾਹੀ, ਫਲੈਕਸ ਬੋਰਡ ਅਤੇ ਹੋਰ ਜਾਣਕਾਰੀ ਦੇ ਸਾਧਨਾ ਰਾਹੀ ਕਿਸਾਨਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ। ਪੰਚਾਇਤ ਵਿਭਾਗ ਪਿੰਡਾਂ ਦੇ ਸਰਪੰਚ ਅਤੇ ਗ੍ਰਾਮ ਪੰਚਾਇਤਾਂ ਨੂੰ ਇਨ੍ਹਾਂ ਹੁਕਮਾਂ ਨੂੰ ਮੰਨਣ ਲਈ ਪਾਬੰਦ ਹੋਵੇਗਾ।