ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਭਾਂਬੀ ਦੇ ਤੁਰ ਜਾਣ ਨੂੰ ਨਿੱਜੀ ਘਾਟਾ ਦੱਸਿਆ

ਚੰਡੀਗੜ੍ਹ, 1 ਮਾਰਚ   ( ਨਿਊਜ਼ ਪੰਜਾਬ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਦੇ ਅਚਾਨਕ ਅਕਾਲ ਚਲਾਣਾ ਕਰਨ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਭਾਂਬੀ ਜੋ ਕੁਝ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜ਼ੇਰੇ ਇਲਾਜ ਸਨ, ਨੇ ਅੱਜ ਦੀਪ ਹਸਪਤਾਲ ਲੁਧਿਆਣਾ ਵਿਖੇ ਅੰਤਿਮ ਸਾਹ ਲਿਆ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਿਆ ਭਾਂਬੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਭਾਂਬੀ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇਕ ਬੇਟਾ ਛੱਡ ਗਏ। ਸ੍ਰੀ ਭਾਂਬੀ ਜੋ ਉਮਰ ਦੇ 60ਵਿਆਂ ਦੇ ਸ਼ੁਰੂ ਵਿੱਚ ਸਨ, ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਬੇਟੇ ਦੇ ਕੈਨੇਡਾ ਤੋਂ ਪਰਤਣ ਉਤੇ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਭਾਂਬੀ ਜੋ ਇਸ ਵੇਲੇ ਇੰਡੀਆ ਨਿਊਜ਼ (ਆਈ ਟੀਵੀ) ਦੇ ਬਿਊਰੋ ਚੀਫ ਸਨ, ਦੇ ਦੇਹਾਂਤ ਉਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਇਕੱਲੇ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਪੂਰੇ ਮੀਡੀਆ ਜਗਤ ਨੂੰ ਘਾਟਾ ਪਿਆ ਹੈ। ਸਮੁੱਚਾ ਪੱਤਰਕਾਰ ਭਾਈਚਾਰਾ ਉਨ੍ਹਾਂ ਨੂੰ ਫੋਟੋ ਪੱਤਰਕਾਰੀ ਅਤੇ ਵੱਖ ਵੱਖ ਸੰਸਥਾਵਾਂ ਲਈ ਪੰਜਾਬ ਤੋਂ ਰਿਪੋਰਟਿੰਗ ਕਰਦਿਆਂ ਕਾਇਮ ਕੀਤੇ ਮੀਲ ਪੱਥਰਾਂ ਸਦਕਾ ਸਦਾ ਯਾਦ ਕਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਲਈ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਹੈ।
ਰਵੀਨ ਠੁਕਰਾਲ ਨੇ ਸ੍ਰੀ ਭਾਂਬੀ ਦੇ ਅਕਾਲ ਚਲਾਣੇ ਨੂੰ ਨਿੱਜੀ ਘਾਟਾ ਦੱਸਦਿਆਂ ਉਨ੍ਹਾਂ ਨੂੰ ਆਪਣੇ ਪੇਸ਼ੇ ਦਾ ਇਕ ਮਹਾਨ ਪੱਤਰਕਾਰ ਅਤੇ ਨਿੱਘੀ ਤੇ ਮਿਲਣਸਾਰ ਸਖਸ਼ੀਅਤ ਕਿਹਾ।ਸ੍ਰੀ ਭਾਂਬੀ ਦੇ ਤੁਰ ਜਾਣ ਨਾਲ ਉਨ੍ਹਾਂ ਇਕ ਨਿੱਜੀ ਦੋਸਤ ਗੁਆ ਲਿਆ।ਉਹ ਵੀ ਪਰਿਵਾਰ ਦੇ ਇਸ ਦੁੱਖ ਵਿੱਚ ਸ਼ਰੀਕ ਹੁੰਦੇ ਹਨ।
ਸ੍ਰੀ ਭਾਂਬੀ ਨੇ ਆਪਣਾ ਕਰੀਅਰ ਰਾਇਟਰਜ਼ ਲਈ ਪੰਜਾਬ ਤੋਂ ਸਟਿੰਗਰ ਵਜੋਂ ਸ਼ੁਰੂ ਕੀਤਾ ਸੀ। ਉਹ ਇੰਡੀਆ ਟੂਡੇ ਲਈ ਪੰਜਾਬ ਅਤੇ ਦਿ ਟ੍ਰਿਬਿਊਨ ਲਈ ਲੁਧਿਆਣਾ ਤੋਂ ਫੋਟੋ ਪੱਤਰਕਾਰ ਰਹੇ। ਉਨ੍ਹਾਂ ਹਿੰਦੁਸਤਾਨ ਟਾਈਮਜ਼ ਲਈ ਪੰਜਾਬ ਤੋਂ ਸਟਿੰਗਰ ਵਜੋਂ ਵੀ ਕੰਮ ਕੀਤਾ।ਉਨ੍ਹਾਂ ਆਪਣੇ ਪੇਸ਼ੇਵਾਰ ਕਰੀਅਰ ਵਿੱਚ ਇੰਡੀਆ ਨਿਊਜ਼ ਦੇ ਬਿਊਰੋ ਚੀਫ ਅਤੇ ਪੰਜਾਬ ਕੇਸਰੀ ਦੇ ਪੱਤਰਕਾਰ ਵਜੋਂ ਵੀ ਕੰਮ ਕੀਤਾ।