ਦਿੱਲੀ ਦੀ ਰੇਲਵੇ ਲਾਈਨ ਨਾਲ ਬਣੀਆਂ 48 ਹਜ਼ਾਰ ਝੁੱਗੀਆਂ ਨੂੰ ਚਾਰ ਹਫਤਿਆਂ ਦਾ ਹੋਰ ਸਮਾਂ ਮਿਲਿਆ – ਸੁਪਰੀਮ ਕੋਰਟ ‘ਚ ਕਿਹਾ ਸਰਕਾਰ ਨੇ

ਐਡਵੋਕੇਟ ਕਰਨਦੀਪ ਸਿੰਘ ਕੈਰੋਂ
ਨਵੀ ਦਿੱਲੀ , 14 ਸਤੰਬਰ – ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਰੇਲਵੇ ਲਾਈਨ ਦੇ ਨਾਲ ਨਾਲ ਬਣੀਆਂ ਝੁੱਗੀਆਂ ਨੂੰ ਫਿਲਹਾਲ ਇੱਕ ਮਹੀਨਾ ਹਟਾਇਆ ਨਹੀਂ ਜਾਵੇਗਾ। ਇਹ ਜਾਣਕਾਰੀ ਸੁਪਰੀਮ ਕੋਰਟ ਨੂੰ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਿੱਤੀ, ਜੋ ਕੇਂਦਰ ਸਰਕਾਰ ਦੀ ਤਰਫੋਂ ਅਦਾਲਤ ਵਿਚ ਪੇਸ਼ ਹੋਏ। ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਸ਼ਹਿਰੀ ਵਿਕਾਸ ਮੰਤਰਾਲਾ, ਰੇਲਵੇ ਮੰਤਰਾਲਾ ਅਤੇ ਦਿੱਲੀ ਸਰਕਾਰ ਇਕੱਠੇ ਬੈਠ ਕੇ ਚਾਰ ਹਫ਼ਤਿਆਂ ਵਿੱਚ ਇਸ ਮਸਲੇ ਨੂੰ ਸੁਲਝਾਉਣਗੇ , ਉਦੋਂ ਤੱਕ ਝੁੱਗੀਆਂ ਨੂੰ ਹਟਾਇਆ ਨਹੀਂ ਜਾਵੇਗਾ। ਸੁਪਰੀਮ ਕੋਰਟ ਨੇ ਇਸ ਕੇਸ ਨੂੰ ਚਾਰ ਹਫ਼ਤਿਆਂ ਲਈ ਮੁਲਤਵੀ ਕਰ ਦਿੱਤਾ ਹੈ।
ਇਸ ਕੇਸ ਦੀ ਸੁਣਵਾਈ ਪਹਿਲਾਂ 3 ਸਤੰਬਰ ਨੂੰ ਹੋਈ ਸੀ। ਫਿਰ ਅਦਾਲਤ ਨੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਦਿੱਲੀ ਵਿਚ 140 ਕਿਲੋਮੀਟਰ ਦੇ ਰੇਲ ਪਟੜੀ ਦੇ ਨਾਲ ਬਣੀਆਂ 48,000 ਝੁੱਗੀਆਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਸਨ । ਪਿਛਲੀ ਸੁਣਵਾਈ ਵਿਚ ਅਦਾਲਤ ਨੇ ਕਿਹਾ ਸੀ ਕਿ ਇਸ ਕਦਮ ਨੂੰ ਲਾਗੂ ਕਰਨ ਵਿਚ ਕੋਈ ਰਾਜਨੀਤਿਕ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ।

ਸੁਣਵਾਈ ਦੌਰਾਨ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ, “ਕੇਂਦਰ ਨੇ ਹਾਲੇ ਤਕ ਦਿੱਲੀ ਵਿਚ ਰੇਲਵੇ ਪਟੜੀਆਂ ਤੋਂ 48,000 ਝੁੱਗੀਆਂ ਨੂੰ ਹਟਾਉਣ ਬਾਰੇ ਫੈਸਲਾ ਨਹੀਂ ਲਿਆ ।” ਕਿਸੇ ਨੂੰ ਵੀ ਨਹੀਂ ਹਟਾਇਆ ਜਾਵੇਗਾ, ਕਿਉਂਕਿ ਇਹ ਫੈਸਲਾ ਰੇਲਵੇ, ਦਿੱਲੀ ਸਰਕਾਰ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੀ ਸਲਾਹ ਨਾਲ ਲਿਆ ਜਾਵੇਗਾ। ਤਦ ਸੁਪਰੀਮ ਕੋਰਟ ਨੇ ਕੇਂਦਰ ਦੇ ਭਰੋਸੇ ਨੂੰ ਰਿਕਾਰਡ ਕੀਤਾ ਅਤੇ ਝੁੱਗੀ ਝੌਂਪੜੀ ਵਾਲਿਆਂ ਖਿਲਾਫ ਚਾਰ ਹਫ਼ਤਿਆਂ ਲਈ ਕੋਈ ਦੰਡਕਾਰੀ ਕਾਰਵਾਈ ਨਾ ਕਰਨ ਦੇ ਆਦੇਸ਼ ਦਿੱਤੇ।


ਸੰਕੇਤਕ ਤਸਵੀਰ