ਕਨੇਡਾ ਸਰਕਾਰ 2020-2022 ਲਈ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਇਸੇ ਮਹੀਨੇ ਕਰੇਗੀ
ਅਗਲੇ ਤਿੰਨ ਸਾਲਾਂ ਵਿਚ ਕੈਨੇਡਾ 10 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰੇਗਾ
ਟਰੋਂਟੋ , 1 ਮਾਰਚ (ਨਿਊਜ਼ ਪੰਜਾਬ ) ਕਨੇਡਾ ਸਰਕਾਰ 2020 – 2022 ਲਈ ਇਮੀਗ੍ਰੇਸ਼ਨ ਪਾਲਸੀ ਦਾ ਐਲਾਨ ਇਸੇ ਮਾਰਚ ਮਹੀਨੇ ਵਿਚ ਕਰ ਦੇਵੇਗੀ Iਕੈਨੇਡਾ ਦੇ ਇੰਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਮੈਂਡੀਸਿਨੋ ਨੇ ਨਵੰਬਰ 2019 ਵਿਚ ਅਹੁਦਾ ਸਾਂਭਣ ਤੋਂ ਬਾਅਦ ਆਪਣੇ ਪਹਿਲੇ ਵੱਡੇ ਭਾਸ਼ਨ ਵਿਚ ਕੈਨੇਡਾ ਦੀ ਨਵੀਂ ਇੰਮੀਗੇ੍ਰਸ਼ਨ ਪ੍ਰਣਾਲੀ ਦੀ ਰੂਪ-ਰੇਖਾ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ | ਮੈਂਡੀਸਿਨੋ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਕੈਨੇਡਾ ਦਾ ਭਵਿੱਖ ਇੰਮੀਗ੍ਰੇਸ਼ਨ ‘ਤੇ ਨਿਰਭਰ ਕਰਦਾ ਹੈ ਅਤੇ ਇਹ ਬਹੁਤ ਮਹੱਤਵਪੂਰਨ ਹੈ ਕਿ ਕੈਨੇਡਾ ਨੂੰ ਆਪਣੀ ਆਰਥਿਕ ਖੁਸ਼ਹਾਲੀ ਨੂੰ ਸੁਰੱਖਿਅਤ ਕਰਨ ਲਈ ਕਿੰਨੇ ਲੋਕਾਂ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਜਨਮ ਦਰ ਘੱਟ ਹੋਣ ਕਾਰਨ ਇਸ ਦੀ ਆਬਾਦੀ ਦੇ ਆਕਾਰ ਨੂੰ ਕਾਇਮ ਰੱਖਣ ਲਈ ਬੇਹੱਦ ਜ਼ਰੂਰੀ ਹੈ ਕਿ ਦੁਨੀਆ ਭਰ ਤੋਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇ | ਅੱਜ ਕੈਨੇਡਾ ਦੀ ਆਬਾਦੀ ਦਾ ਤਕਰੀਬਨ 80 ਪ੍ਰਤੀਸ਼ਤ ਵਾਧਾ ਇੰਮੀਗ੍ਰੇਸ਼ਨ ਤੋਂ ਹੋ ਰਿਹਾ ਹੈ ਅਤੇ ਅਨੁਮਾਨਾਂ ਅਨੁਸਾਰ ਸਾਲ 2030 ਤੱਕ ਇਹ 100 ਪ੍ਰਤੀਸ਼ਤ ਤੱਕ ਪਹੁੰਚ ਜਾਵੇਗਾ | ਉਨ੍ਹਾਂ ਕਿਹਾ ਕਿ ਇਸੇ ਲਈ ਅਗਲੇ ਤਿੰਨ ਸਾਲਾਂ ਵਿਚ ਕੈਨੇਡਾ 10 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰੇਗਾ I