ਰੇਤ ਦੀ ਟਿਕਾਊ ਮਾਈਨਿੰਗ ਲਈ ਕੰਮ ਕਰ ਰਹੇ ਕਰਮਚਾਰੀਆਂ ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ – ਕੇਂਦਰੀ ਮੰਤਰੀ ਨੇ ਰਾਜਾਂ ਨੂੰ ਗੈਰ ਕਾਨੂੰਨੀ ਰੇਤ ਮਾਈਨਿੰਗ ਰੋਕਣ ਲਈ ਸਖਤ ਕਾਨੂੰਨ ਲਾਗੂ ਕਰਨ ਲਈ ਕਿਹਾ

ਨਿਊਜ਼ ਪੰਜਾਬ
ਨਵੀ ਦਿੱਲੀ , 12 ਸਤੰਬਰ – ਰੇਤ ਮਾਫੀਆ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਭਾਰਤ ਦੇ ਵਾਤਾਵਰਣ, ਵਣ ਅਤੇ ਜਲਵਾਯੁ ਪਰਿਵਰਤਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸਥਿਤੀ ਦੀ ਸਮੀਖਿਆ ਕੀਤੀ ਜਾਏਗੀ ਅਤੇ ਹੁਕਮ ਅਦੂਲੀ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਰੇਤ ਖਣਨ ਦੇ ਨਵੇਂ ਨਿਯਮਾਂ ਅਤੇ ਉਨ੍ਹਾਂ ਨੂੰ ਪਾਸ ਕਰਨ ਦੇ ਬਾਵਜੂਦ, ਬਹੁਤ ਸਾਰੇ ਰਾਜ ਅਤੇ ਖੇਤਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਇੱਕ ਜੰਗਲਾਤ ਘਰ ਦੇ ਪਹਿਰੇਦਾਰ ਕੇਵਲ ਸਿੰਘ ਨੂੰ ਇੱਕ ਟਰੈਕਟਰ ਨੇ ਕੁਚਲ ਦਿੱਤਾ ਜਦੋਂ ਉਸਨੇ ਆਪਣੇ ਸਾਥੀ ਦੇ ਨਾਲ ਅਲਵਰ ਵਿੱਚ ਸਰਿਸਕਾ ਟਾਈਗਰ ਰਿਜ਼ਰਵ ਦੇ ਅੰਦਰ ਮਾਈਨਿੰਗ ਮਾਫੀਆ ਦੇ ਸ਼ੱਕੀ ਮੈਂਬਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਮੰਤਰੀ ਨੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਰੇਤ ਮਾਈਨਿੰਗ ਮਾਫੀਆ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਪ੍ਰਥਾ ਨੂੰ ਖਤਮ ਕਰਨ ਲਈ ਸਖਤ ਕਾਨੂੰਨ ਲਾਗੂ ਕਰਨ। ਉਨ੍ਹਾਂ ਅਪੀਲ ਕੀਤੀ ਕਿ ਰੇਤ ਦੀ ਖੁਦਾਈ ਨੂੰ ਟਿਕਾਊ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦਰਿਆ ਦੇ ਕੰਢਿਆਂ ਤੋਂ ਕੁਦਰਤੀ ਸਰੋਤਾਂ ਦੇ ਖੁਰਨ ਨੂੰ ਰੋਕਿਆ ਜਾ ਸਕੇ। ਦਰਿਆ ਦੇ ਧਰਾਤਲ ਨੂੰ ਪੂਰੀ ਤਰ੍ਹਾਂ ਸੁੱਕਣ ਤੋਂ ਰੋਕਣ ਲਈ, ਰੇਤ ਦੀ ਟਿਕਾਊ ਮਾਈਨਿੰਗ ਕੀਤੀ ਜਾਣੀ ਚਾਹੀਦੀ ਹੈ ਅਤੇ ਰੇਤ ਦੀ ਟਿਕਾਊ ਮਾਈਨਿੰਗ ਲਈ ਕੰਮ ਕਰ ਰਹੇ ਕਰਮਚਾਰੀਆਂ ਜਾਂ ਮਾਲੀਆ ਅਮਲੇ ਦੀ ਹੱਤਿਆ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਅਪਰਾਧੀਆਂ ਨੂੰ ਸਜ਼ਾ ਦਿਵਾਉਣਾ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣਗੇ।

15 ਵੇਂ ਰਾਸ਼ਟਰੀ ਵਣ ਸ਼ਹੀਦ ਦਿਵਸ ਦੇ ਮੌਕੇ ‘ਤੇ ਵਾਤਾਵਰਣ, ਵਣ ਅਤੇ ਜਲਵਾਯੁ ਪਰਿਵਰਤਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵਣਾਂ ਦੀ ਅੱਗ, ਤਸਕਰਾਂ ਅਤੇ ਮਾਫੀਆ ਤੋਂ ਜੰਗਲੀ ਜੀਵਾਂ, ਬਨਸਪਤੀ ਅਤੇ ਸਾਡੇ ਕੁਦਰਤੀ ਸਰੋਤਾਂ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਗੁਆਉਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਚੰਦਨ ਦੇ ਤਸਕਰਾਂ ਵਲੋਂ ਮਾਰੇ ਗਏ ਵਣ ਕਰਮਚਾਰੀਆਂ ਪ੍ਰਤੀ ਡੂੰਘਾ ਦੁੱਖ ਜ਼ਾਹਰ ਕਰਦਿਆਂ ਸ੍ਰੀ ਜਾਵਡੇਕਰ ਨੇ ਕਿਹਾ ਕਿ ਨਿਯਮਾਂ ਵਿਚ ਸੋਧ ਕੀਤੀ ਜਾਏਗੀ ਤਾਂ ਜੋ ਚੰਦਨ ਦੀ ਵਧੇਰੇ ਵਿਆਪਕ ਕਾਸ਼ਤ ਕੀਤੀ ਜਾ ਸਕੇ। ਕੇਂਦਰੀ ਮੰਤਰੀ ਨੇ ਸਮੂਹ ਵਣ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਜੰਗਲਾਂ ਦੀ ਅੱਗ ਨਾਲ ਲੜਦਿਆਂ ਅਤੇ ਬਾਘਾਂ, ਹਾਥੀ ਅਤੇ ਇਕ ਸਿੰਗ ਵਾਲੇ ਗੈਂਡੇ ਦੇ ਜੰਗਲੀ ਜੀਵਣ ਦੇ ਹਮਲਿਆਂ ਕਾਰਨ ਆਪਣੀ ਜਾਨ ਗੁਆ ਦਿੱਤੀ। ਉਨ੍ਹਾਂ ਵਣ ਕਰਮਚਾਰੀਆਂ ਦੀ ਯਾਦ ਵਿਚ ਸਰਟੀਫਿਕੇਟ ਜਾਰੀ ਕੀਤੇ ਗਏ ਸਨ ਜਿਨ੍ਹਾਂ ਨੇ ਸਾਲ 2019- 20 ਵਿਚ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਗੁਆਈ ਸੀ।

ਭਾਰਤ ਦੀ ਪ੍ਰਭਾਵਸ਼ਾਲੀ ਅਤੇ ਵਿਆਪਕ ਜੈਵ ਵਿਭਿੰਨਤਾ ਦੀ ਰੱਖਿਆ ਵਣ ਅਫਸਰਾਂ ਅਤੇ ਸਟਾਫ ਦੀ ਇੱਕ ਸਮਰਪਿਤ ਮਨੁੱਖੀ ਸ਼ਕਤੀ ਵਲੋਂ ਕੀਤੀ ਜਾਂਦੀ ਹੈ ਜੋ ਇਸ ਅਨਮੋਲ ਪੂੰਜੀ ਦੀ ਸੁਰੱਖਿਆ ਅਤੇ ਸੁਧਾਰ ਲਈ ਨਿਰੰਤਰ ਮਿਹਨਤ ਕਰਦੇ ਹਨ। ਇਨ੍ਹਾਂ ਸਾਲਾਂ ਦੌਰਾਨ ਵਿਭਾਗ ਨੇ ਕੁਦਰਤੀ ਜੀਵਾਂ ਤੇ ਬਨਸਪਤੀ ਦੀ ਰਾਖੀ ਅਤੇ ਜੰਗਲੀ ਜੀਵਾਂ ਨਾਲ ਮਨੁੱਖ ਦੇ ਸੰਘਰਸ਼ਾਂ ਵਿੱਚ ਜੰਗਲਾਂ ਦੇ ਰਾਖੇ ਗੁਆਏ ਹਨ।
ਭਾਰਤ ਸਰਕਾਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 11 ਸਤੰਬਰ ਨੂੰ ਸਾਡੇ ਵਾਤਾਵਰਣ, ਵਣ ਅਤੇ ਜੰਗਲੀ ਜੀਵਨ ਦੀ ਰਾਖੀ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਣ ਕਰਮਚਾਰੀਆਂ ਵਲੋਂ ਦਿੱਤੀਆਂ ਮਿਸਾਲੀ ਬਹਾਦਰੀ ਅਤੇ ਕੁਰਬਾਨੀਆਂ ਦੇ ਸਨਮਾਨ ਵਿਚ ਰਾਸ਼ਟਰੀ ਵਣ ਸ਼ਹੀਦ ਦਿਵਸ ਵਜੋਂ ਐਲਾਨਿਆ ਸੀ।

11 ਸਤੰਬਰ ਨੂੰ ਇਸ ਦੇ ਇਤਿਹਾਸਕ ਮਹੱਤਵ ਕਾਰਨ ਕੌਮੀ ਵਣ ਸ਼ਹੀਦੀ ਦਿਵਸ ਵਜੋਂ ਚੁਣਿਆ ਗਿਆ ਸੀ। ਇਸ ਦਿਨ, 1730 ਵਿਚ, ਅਮ੍ਰਿਤਾ ਦੇਵੀ ਦੀ ਅਗਵਾਈ ਵਾਲੇ ਬਿਸ਼ਨੋਈ ਕਬੀਲੇ ਦੇ 360 ਤੋਂ ਵੱਧ ਲੋਕਾਂ ਨੇ ਰੁੱਖਾਂ ਦੇ ਕੱਟੇ ਜਾਣ ‘ਤੇ ਇਤਰਾਜ਼ ਜਤਾਇਆ ਅਤੇ ਰਾਜੇ ਦੇ ਹੁਕਮਾਂ ‘ਤੇ ਰਾਜਸਥਾਨ ਦੇ ਖੇਜਾਰਲੀ ਵਿਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਐਫਆਰਆਈ, ਦੇਹਰਾਦੂਨ ਦੇ ਬ੍ਰੈਂਡਿਸ ਰੋਡ ਨੇੜੇ ਸਥਾਨ ‘ਤੇ 3 ਅਕਤੂਬਰ, 2012 ਨੂੰ ਯਾਦਗਾਰੀ ਥੰਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਵਣ ਖੋਜ ਸੰਸਥਾਨ (ਐੱਫਆਰਆਈ) ਕੈਂਪਸ, ਦੇਹਰਾਦੂਨ ਵਿਖੇ ਉਨ੍ਹਾਂ ਜੰਗਲਾਂ ਅਤੇ ਜੀਵ ਵਿਭਿੰਨਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਰੇ ਜੰਗਲਾਤਿਆਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਣ ਲਈ ਵਣ ਖੋਜ ਸੰਸਥਾਨ ਕੈਂਪਸ ਵਿਚ ਇਕ ਜੰਗਲਾਤ ਯਾਦਗਾਰ ਵੀ ਬਣਾਈ ਗਈ ਹੈ।

ਜਪਾਨ ਦੀ ਅੰਤਰਰਾਸ਼ਟਰੀ ਸਹਿਕਾਰਤਾ ਏਜੰਸੀ (ਜੇਆਈਸੀਏ) ਦੇ ਨਾਲ ਵਾਤਾਵਰਣ ਮੰਤਰਾਲੇ ਨੇ 13 ਰਾਜਾਂ ਵਿਚ ” ਵਣ ਪ੍ਰਬੰਧਨ ਅਤੇ ਸਿਖਲਾਈ ਲਈ ਸਮਰੱਥਾ ਵਿਕਾਸ” ਰਾਜ ਸਰਕਾਰ ਦੇ ਫਰੰਟਲਾਈਨ ਸਟਾਫ ਲਈ ਸਮੁੱਚੇ ਅਤੇ ਗੁਣਾਤਮਕ ਸੁਧਾਰ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਜੇਆਈਸੀਏ ਨੇ ਦੂਜੇ ਪੜਾਅ ਲਈ ਸਹਿਮਤੀ ਦਾ ਸੰਕੇਤ ਵੀ ਦਿੱਤਾ ਹੈ। ਇਸ ਨੂੰ ਹੋਰ ਮਜਬੂਤ ਕਰਨ ਲਈ ਮੰਤਰਾਲਾ ਫਰੰਟਲਾਈਨ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਲਈ ਇਕ ਐਸਓਪੀ ‘ਤੇ ਵੀ ਕੰਮ ਕਰ ਰਿਹਾ ਹੈ।