ਖੁਰਾਕ, ਸਿਵਲ ਸਪਲਾਈ ਮੰਤਰੀ ਨੇ ਲੁਧਿਆਣਾ ਵਿੱਚ ”ਸਮਾਰਟ ਰਾਸ਼ਨ ਕਾਰਡ ਸਕੀਮ” ਦਾ ਕੀਤਾ ਆਗਾਜ਼

ਮੁੱਖ ਮੰਤਰੀ ਨੇ ਇਸ ਯੋਜਨਾ ਨੂੰ ਸਫਲਤਾਪੂਰਵਕ ਸ਼ੁਰੂ ਕਰਨ ਦਾ ਸਿਹਰਾ ਭਾਰਤ ਭੂਸ਼ਨ ਆਸ਼ੂ ਨੂੰ ਦਿੱਤਾ
ਹੁਣ ਲਾਭਪਾਤਰੀ ਆਪਣਾ ਰਾਸ਼ਨ ਕਿਸੇ ਵੀ ਡਿਪੂ ਤੋਂ ਕਿਸੇ ਵੀ ਸਮੇਂ ਲੈ ਸਕਦੇ ਹਨ – ਭਾਰਤ ਭੂਸ਼ਣ ਆਸ਼ੂ
ਲੁਧਿਆਣਾ, 12 ਸਤੰਬਰ ( ਨਿਊਜ਼ ਪੰਜਾਬ  ) – ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐੱਫ.ਐੱਸ.ਏ.) ਦੇ ਤਹਿਤ ਰਜਿਸਟਰਡ ਪਰਿਵਾਰਾਂ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਰਾਸ਼ਣ ਪਹੁੰਚਾਉਣ ਦੇ ਉਦੇਸ਼ ਨਾਲ ”ਸਮਾਰਟ ਰਾਸ਼ਨ ਕਾਰਡ ਸਕੀਮ” ਤਹਿਤ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸਥਾਨਕ ਬੱਚਤ ਭਵਨ ਵਿਖੇ ਤਹਿਤ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ ਗਈ।ਉਨ੍ਹਾਂ ਕਿਹਾ ਕਿ ਲਾਭਪਾਤਰੀ ਆਪਣਾ ਰਾਸ਼ਨ ਕਿਸੇ ਵੀ ਡਿਪੂ ਤੋਂ ਕਿਸੇ ਵੀ ਸਮੇਂ ਲੈ ਸਕਦੇ ਹਨ।
ਉਨ੍ਹਾਂ ਇਸ ਯੋਜਨਾ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸ ਜ਼ਰੀਏ ਜ਼ਿਲ੍ਹਾ ਲੁਧਿਆਣਾ ਵਿੱਚ 10 ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ। ਇਸ ਮੋਕੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਸ਼੍ਰੀ ਕੈਪਟਨ ਸੰਦੀਪ ਸਿੰਘ ਸੰਧੂ, ਨਗਰ ਨਿਗਮ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵੀ ਉਚੇਚੇ ਤੋਰ ‘ਤੇ ਸ਼ਾਮਿਲ ਸਨ।

ਇਸ ਮੌਕੇ ਡੀ ਐਫ ਐਸ ਸੀ ਲੁਧਿਆਣਾ ਵੈਸਟ ਸ. ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਿਲਾ ਲੁਧਿਆਣਾ ਵਿੱਚ 4,15,000 ਪਰਿਵਾਰਾਂ ਦੇ ਲਗਭੱਗ 15,94,000 ਜੀਆਂ ਨੂੰ ਇਸ ਸਕੀਮ ਅਧੀਨ ਕਵਰ ਕੀਤਾ ਗਿਆ ਹੈ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਕਿਸੇ ਯੋਗ ਲਾਭਪਾਤਰੀ ਦਾ ਰੱਦ ਹੋਇਆ ਕਾਰਡ ਵੀ ਬਹਾਲ ਕਰਵਾਇਆ ਜਾ ਸਕਦਾ ਹੈ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਭ ਦਾ ਸਿਹਰਾ ਭਾਰਤ ਭੂਸ਼ਨ ਆਸ਼ੂ ਨੂੰ ਜਾਂਦਾ ਹੈ ਜਿਨ੍ਹਾਂ ਦੇ ਯਤਨਾਂ ਸਦਕਾ ਹੀ ਇਸ ਸਕੀਮ ਸਫਲਤਾਪੂਰਵਕ ਆਰੰਭ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਆਸ਼ੂ ਨੇ ਰਾਸ਼ਨ ਵੰਡ ਪ੍ਰਣਾਲੀ ਦੀ ਸਮੁੱਚੀ ਪ੍ਰਕਿਰਿਆ ਨੂੰ ਡਿਜੀਟਲਾਈਜ਼ ਕਰਨ ਲਈ ਬਹੁਤ ਮਿਹਨਤ ਕੀਤੀ ਹੈ, ਜ਼ੋ ਕਿ ਨਾ ਸਿਰਫ ਲਾਭਪਾਤਰੀਆਂ ਦੀ ਸਹੂਲਤ ਬਲਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਿੱਚ ਵੀ ਸਹਾਇਤਾ ਕਰੇਗੀ। ਇਸ ਸਕੀਮ ਦਾ ਲਾਭ 1.41 ਕਰੋੜ ਲਾਭਪਾਤਰੀਆਂ ਲੈ ਰਹੇ ਹਨ ਅਤੇ ਇਸ ਤੋਂ ਇਲਾਵਾ, ਮੁੱਖ ਮੰਤਰੀ ਪੰਜਾਬ ਨੇ ਅੱਜ 9 ਲੱਖ ਲਾਭਪਾਤਰੀ ਜਿਹੜੇ ਯੋਗ ਤਾਂ ਹਨ ਪਰ ਐਨ.ਐਫ.ਐਸ.ਏ. ਵਿੱਚ ਰਜਿਸਟਰਡ ਨਹੀਂ ਸਨ, ਉਨ੍ਹਾਂ ਨੂੰ ਇਸ ਵਿੱਚ ਸ਼ਾਮਿਲ ਕਰਨ ਦੀ ਘੋਸ਼ਣਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਇਹ ਸਮਾਰਟ ਕਾਰਡ ਸਕੀਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਜਿਹੜਾ ਅੱਜ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ 2017 ਤੋਂ ਪਹਿਲਾਂ ਪੰਜਾਬ ਵਿੱਚ ਜਿਹੜੇ ਰਾਸ਼ਨ ਦੀ ਵੰਡ ਹੁੰਦੀ ਸੀ, ਉਸ ਵਿੱਚ ਬਹੁਤ ਘਪਲੇ ਹੁੰਦੇ ਸਨ, ਜਿਹੜੇ ਲੋੜਵੰਦ ਵਿਅਕਤੀ ਨਹੀਂ ਸਨ ਉਨ੍ਹਾਂ ਦੇ ਨੀਲੇ ਕਾਰਡ ਬਣਾ ਦਿੱਤੇ ਗਏ ਸਨ ਅਤੇ ਲੋੜਵੰਦ ਵਿਅਕਤੀਆਂ ਨੂੰ ਇਸ ਸਕੀਮ ਤੋਂ ਵਾਂਝਾ ਰੱਖਿਆ ਗਿਆ ਸੀ। ਉਨ੍ਹਾਂ ਵਿਸਤਾਰ ਨਾਲ ਦੱਸਿਆ ਕਿ ਇਹ ਰਾਸ਼ਨ ਦੀ ਵੰਡ ਪਹਿਲਾਂ ਆਫ ਲਾਈਨ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਕੁੱਝ ਗਲਤ ਬੰਦਿਆਂ ਦੇ ਰਾਸ਼ਨ ਕਾਰਡ ਬਣਾਏ ਗਏ ਹਨ ਅਤੇ ਉਹ ਰਾਸ਼ਨ ਲੈ ਰਹੇ ਹਨ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਨ੍ਹਾਂ ਗਲਤ ਤਰੀਕੇ ਨਾਲ ਬਣੇ ਕਾਰਡਾਂ ਨੂੰ ਰੋਕਣ ਲਈ ਅਤੇ ਉਨ੍ਹਾਂ ਨੂੰ ਲਗਾਮ ਪਾਉਣ ਲਈ ਈ-ਪੋਜ਼ ਮਸ਼ੀਨਾਂ ਰਾਹੀਂ ਵੰਡ ਕਰਨ ਦਾ ਫੈਸਲਾ ਲਿਆ ਗਿਆ।ਉਨ੍ਹਾਂ ਕਿਹਾ ਕਿ ਸਾਲ 2018 ਵਿੱਚ ਇਸ ਆਫ ਲਾਈਨ ਪ੍ਰਕਿਰਿਆ ਨੂੰ ਖਤਮ ਕਰਕੇ ਆਨ-ਲਾਈਨ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸੇ ਦੋਰਾਨ ਦੇਖਿਆ ਗਿਆ ਕਿ ਲਾਭਪਾਤਰੀਆਂ ਨੂੰ ਪਹਿਲਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਈ-ਪੋਸ਼ ਮਸ਼ੀਨਾਂ ਰਾਹੀਂ ਆਨ-ਲਾਈਨ ਪ੍ਰਕਿਰਿਆ ਦੁਆਰਾ ਇਸ ਦੀ ਵੰਡ ਕੀਤੀ ਗਈ ਲਾਭਪਾਤਰੀਆਂ ਦੁਆਰਾ ਆਪਣਾ ਅੰਗੂਠਾ ਲਗਾ ਕੇ ਜਦੋਂ ਰਾਸ਼ਨ ਵੰਡਿਆਂ ਗਿਆ ਤਾਂ ਇਸ ਨਾਲ ਬਹੁਤ ਸਾਰੇ ਅਜਿਹੇ ਲਾਭਪਾਤਰੀ ਅੱਗੇ ਆਏ ਜਿਨ੍ਹਾਂ ਨੂੰ ਸਹੀ ਅਤੇ ਪਾਰਦਰਸ਼ਤਾ ਨਾਲ ਰਾਸ਼ਨ ਦੀ ਵੰਡ ਹੋਣ ਕਰਕੇ ਨਵੇਂ ਰਾਸ਼ਨ ਕਾਰਡ ਬਣਾਏ ਗਏ। ਉਨ੍ਹਾਂ ਕਿਹਾ ਕਿ ਹੁਣ ਪੂਰੇ ਪੰਜਾਬ ਵਿੱਚ ਇਸ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਪਾਰਦਰਸ਼ਤਾ ਨਾਲ ਰਾਸ਼ਨ ਦੀ ਵੰਡ ਹੋਵੇਗੀ।ਉਨ੍ਹਾਂ ਕਿਹਾ ਕਿ ਲਾਭਪਾਤਰੀ ਜਦੋਂ ਰਾਸ਼ਨ ਲੈਣ ਲਈ ਜਾਣਗੇ ਤਾਂ ਉਨ੍ਹਾਂ ਨੂੰ ਮਹਿਸੂਸ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਰਹੀ ਹੈ।

ਉਨ੍ਹਾਂ ਸਮਾਰਟ ਰਾਸ਼ਨ ਕਾਰਡ ਦੀ ਸੁਰੱਖਿਆ ਅਤੇ ਵਿਸ਼ੇਸ਼ਤਾਵਾਂ ਬਾਰੇ ਦੱਸਿਦਿਆਂ ਕਿਹਾ ਕਿ ਚਿੱਪ ਵਿੱਚ ਏਕੀਕ੍ਰਿਤ ਲਾਭਪਾਤਰੀਆਂ ਦੇ ਵੇਰਵਿਆਂ ਨੂੰ ਲਾਕ ਕਰ ਦਿੱਤਾ ਗਿਆ ਹੈ ਜ਼ੋ ਕਿ ਪ੍ਰਮਾਣਿਤ ਯੰਤਰਾਂ ਤੋਂ ਹੀ ਪੜ੍ਹੇ ਜਾਣਗੇ। ਫਾਈਲ ਦਾ ਢਾਚਾ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਸਿਰਫ ਪ੍ਰਮਾਣਿਤ ਈ-ਪੋਜ਼ ਮਸ਼ੀਨਾਂ ਦੁਆਰਾ ਹੀ ਚਲਾਇਆ ਜਾ ਸਕੇਗਾ।
ਇਸ ਦੋਰਾਨ ਜ਼ਿਲ੍ਹਾ ਲੁਧਿਆਣਾ ਦੇ ਵਿਧਾਇਕਾਂ ਅਤੇ ਐਸ.ਡੀ.ਐਮਜ਼ ਨੇ ਆਪਣੇ-ਆਪਣੇ ਖੇਤਰਾਂ ਵਿੱਚ 10 ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡ ਕੇ ਬਾਕੀ ਖੇਤਰਾਂ ਵਿੱਚ ਇਕੋ ਸਮੇਂ ਇਸ ਸਕੀਮ ਦੀ ਸ਼ੁਰੂਆਤ ਕੀਤੀ।
ਇਸ ਮ”ਕੇ ਹੋਰਨਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਰਮਨ ਸੁਬਰਾਮਨੀਅਮ, ਸੀਨੀਅਰ ਕਾਂਗਰਸੀ ਆਗੂ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਸ਼੍ਰੀ ਜ਼ਸਪਾਲ ਸਿੰਘ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ (ਦੱਖਣੀ) ਸ਼੍ਰੀ ਸੁਖਵਿੰਦਰ ਸਿੰਘ ਗਿੱਲ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ (ਪੂਰਬੀ) ਸ਼੍ਰੀਮਤੀ ਹਰਵੀਨ ਕੋਰ ਅਤੇ ਪੰਜਾਬ ਬੈਕਵਾਰਡ ਕਲਾਸਿਜ਼ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ (ਬੈਕਫਿੰਕੋ) ਦੇ ਉਪ ਚੇਅਰਮੈਨ ਜਨਾਬ ਮੁਹੰਮਦ ਗੁਲਾਬ, ਤੋਂ ਇਲਾਵਾ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਸਨ।