ਆਜ਼ਾਦੀ ਦਿਹਾੜੇ ਮੌਕੇ ਪੰਜਾਬ ਜੇਲ ਵਿਭਾਗ ਨੂੰ ਦੋ ਰਾਸ਼ਟਰਪਤੀ ਮੈਡਲ ਹੋਏ ਪ੍ਰਾਪਤ

ਪੰਜਾਬ ਦੇ ਜੇਲ ਵਿਭਾਗ ਨੂੰ ਸੁਤੰਤਰਤਾ ਦਿਵਸ ਮੌਕੇ ਮਿਲੇ ਦੋ ਰਾਸ਼ਟਰਪਤੀ ਮੈਡਲ
-ਪੰਜਾਬ ਜੇਲ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਆਰ.ਕੇ. ਸ਼ਰਮਾ ਦਾ ਰਾਸ਼ਟਰਪਤੀ ਮੈਡਲ ਨਾਲ ਸਨਮਾਨ
-ਡਰਿੱਲ ਇੰਸਟਰਕਟਰ ਇਕਬਾਲ ਸਿੰਘ ਨੂੰ ਮਿਲਿਆ ਵੀ ਰਾਸ਼ਟਰਪਤੀ ਮੈਡਲ

 

ਨਿਊਜ਼ ਪੰਜਾਬ

ਪਟਿਆਲਾ, 16 ਅਗਸਤ: ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸੂਚੀ ਮੁਤਾਬਕ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਜੇਲ ਵਿਭਾਗ ਨੂੰ ਦੋ ਰਾਸ਼ਟਰਪਤੀ ਮੈਡਲ ਪ੍ਰਾਪਤ ਹੋਏ ਹਨ। ਇਹ ਦੋਵੇਂ ਮੈਡਲ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਅਧਿਕਾਰੀਆਂ ਨੂੰ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ ਪੰਜਾਬ ਜੇਲ ਟ੍ਰੇਨਿੰਗ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਨੂੰ ਮਿਲਿਆ ਹੈ ਜਦੋਂਕਿ ਦੂਜਾ ਮੈਡਲ ਡਰਿੱਲ ਇੰਸਟਰਕਟਰ ਸ੍ਰੀ ਇਕਬਾਲ ਸਿੰਘ ਨੂੰ ਹਾਸਲ ਹੋਇਆ ਹੈ।
ਲੰਮਾ ਸਮੇਂ ਤੋਂ ਜੇਲ ਵਿਭਾਗ ‘ਚ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਰਹੇ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਇਸ ਸਮੇਂ ਪੰਜਾਬ ਜੇਲ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਵਜੋਂ ਤਾਇਨਾਤ ਹਨ, ਉਨ੍ਹਾਂ ਨੂੰ ਜੇਲ ਸਿਖਲਾਈ ਦੇ ਖੇਤਰ ਵਿੱਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਵਕਾਰੀ ਮੈਡਲ ‘ਪ੍ਰੈਜੀਡੈਂਟ’ਜ ਕੁਰੈਕਸ਼ਨਲ ਸਰਵਿਸ ਮੈਡਲ ਫਾਰ ਡਿਸਟਿੰਗੂਅਸ਼ ਸਰਵਿਸ’ ਪ੍ਰਾਪਤ ਹੋਇਆ ਹੈ। ਜਦੋਂ ਕਿ ਡਰਿੱਲ ਇੰਸਟਰਕਟਰ ਇਕਬਾਲ ਸਿੰਘ ਨੂੰ ‘ਪ੍ਰੈਜੀਡੈਂਟ’ਜ ਕੁਰੈਕਸ਼ਨਲ ਸਰਵਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ’ ਪ੍ਰਦਾਨ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਸ੍ਰੀ ਆਰ.ਕੇ. ਸ਼ਰਮਾ ਨੂੰ 2006 ‘ਚ ਵੀ ‘ਪ੍ਰੈਜੀਡੈਂਟ’ਜ ਕੁਰੈਕਸ਼ਨਲ ਸਰਵਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ’ ਪ੍ਰਾਪਤ ਹੋਇਆ ਸੀ। ਸ੍ਰੀ ਸ਼ਰਮਾਨੂੰ ਇਸ ਅਵਾਰਡ ਤੋਂ ਇਲਾਵਾ ਪੰਜਾਬ ਅਤੇ ਦੂਸਰੇ ਰਾਜਾਂ ਤੋਂ 15 ਕਮੈਂਡੇਸ਼ਨ ਅਤੇ 11 ਐਪਰੀਸੀਏਸ਼ਨ ਰੋਲ ਪੱਤਰਾਂ ਸਮੇਤ ਕਈ ਨਗ਼ਦ ਇਨਾਮ ਵੀ ਪ੍ਰਾਪਤ ਹੋ ਚੁੱਕੇ ਹਨ। ਸ੍ਰੀ ਸ਼ਰਮਾ ਨੇ ਪੰਜਾਬ ਜੇਲ ਸਿਖਲਾਈ ਸਕੂਲ ਦਾ ਮੂੰਹ ਮੁਹਾਂਦਰਾ ਬਦਲ ਕੇ ਰੱਖ ਦਿੱਤਾ ਹੈ ਅਤੇ ਇਸ ਸਕੂਲ ਨੇ ਭਾਰਤ ‘ਚ ਬਹੁਤ ਨਾਮਣਾ ਖੱਟਿਆ ਹੈ, ਉਨ੍ਹਾਂ ਨੇ ਜੇਲ ਵਾਰਡਰਾਂ ਅਤੇ ਜੇਲ ਦੇ ਅਧਿਕਾਰੀਆਂ ਲਈ ਕਈ ਨਵੇਂ ਕੋਰਸ ਡਿਜਾਇਨ ਕਰਵਾਏ ਹਨ।