ਭਾਰਤ ਭੂਸ਼ਣ ਆਸ਼ੂ ਵੱਲੋਂ ਪਿੰਡ ਸਿਆੜ੍ਹ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਉਦਘਾਟਨ

ਸਕੂਲ ਦੇ ਵਿਕਾਸ ਲਈ 2 ਲੱਖ, ਹਲਕਾ ਪਾਇਲ ਦੇ ਵਿਕਾਸ ਲਈ 20 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਕੀਤਾ ਐਲਾਨ
ਹਲਕਾ ਪਾਇਲ ‘ਚ ਹੋਰ ਸਮਾਰਟ ਸਕੂਲ ਸਥਾਪਿਤ ਕੀਤੇ ਜਾਣਗੇ – ਵਿਧਾਇਕ ਲਖਵੀਰ ਸਿੰਘ ਲੱਖਾ

ਹਰਜੀਤ ਸਿੰਘ ਬਿੱਲੂ ਖੰਨਾ – ਨਿਊਜ਼ ਪੰਜਾਬ

ਸਿਆੜ੍ਹ(ਲੁਧਿਆਣਾ), 15 ਅਗਸਤ  – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਰਟ ਸਕੂਲ ਵਿਕਸਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਕਈ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਥੇ ਵਿਦਿਆਰਥੀ ਆਧੁਨਿਕ ਆਡੀਓ-ਵਿਜ਼ੂਅਲ ਦੀ ਵਰਤੋਂ ਕਰਦਿਆਂ ਉੱਤਮ ਵਿਦਿਆ ਪ੍ਰਾਪਤ ਕਰ ਰਹੇ ਹਨ।
ਸ੍ਰੀ ਆਸ਼ੂ ਨੇ ਇਹ ਗੱਲ ਜ਼ਿਲ੍ਹੇ ਦੇ ਪਿੰਡ ਸਿਆੜ੍ਹ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਉਦਘਾਟਨ ਕਰਦਿਆਂ ਕਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਪਾਇਲ ਵਿਧਾਇਕ ਸ੍ਰੀ ਲਖਵੀਰ ਸਿੰਘ ਲੱਖਾ, ਖੰਨਾ ਤੋਂ ਵਿਧਾਇਕ ਸ੍ਰੀ ਗੁਰਕੀਰਤ ਸਿੰਘ ਕੋਟਲੀ, ਲੁਧਿਆਣਾ ਦੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਖੰਨਾ ਦੇ ਐਸ.ਐਸ.ਪੀ. ਸ੍ਰੀ ਹਰਪ੍ਰੀਤ ਸਿੰਘ, ਡੀ.ਈ.ਓ.(ਸੈਕੰਡਰੀ) ਸ੍ਰੀਮਤੀ ਸਵਰਨਜੀਤ ਕੌਰ ਵੀ ਹਾਜ਼ਰ ਸਨ।
ਸਕੂਲ ਆਲੇ-ਦੁਆਲੇ ਦੀ ਸਾਫ-ਸਫਾਈ ਅਤੇ ਬੁਨਿਆਦੀ ਢਾਂਚੇ ਦੀ ਸ਼ਲਾਘਾ ਕਰਦਿਆਂ ਸ੍ਰੀ ਆਸ਼ੂ ਨੇ ਇਸ ਸਕੂਲ ਦੇ ਵਿਕਾਸ ਲਈ ਆਪਣੇ ਅਖਤਿਆਰੀ ਕੋਟੇ ਤੋਂ 2 ਲੱਖ ਰੁਪਏ ਅਤੇ ਪਾਇਲ ਹਲਕੇ ਦੇ ਵਿਕਾਸ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੀਆਂ ਮਿਉਂਸਪਲ ਹੱਦਾਂ ਅਧੀਨ ਆਉਂਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮਾਂ ਦਾ ਵਿਕਾਸ ਕੀਤਾ ਗਿਆ ਹੈ ਅਤੇ ਹੁਣ, ਪੇਂਡੂ ਖੇਤਰਾਂ ਵਿੱਚ ਪੈਂਦੇ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਵਿਕਸਤ ਕੀਤੇ ਜਾਣਗੇ।
ਖੰਨਾ ਦੇ ਵਿਧਾਇਕ ਸ੍ਰੀ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵੱਲ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਹੀ ਸਰਕਾਰੀ ਸਕੂਲਾਂ ਦੇ ਨਤੀਜੇ ਸ਼ਾਨਦਾਰ ਨਤੀਜੇ ਦਿਖਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪਾਇਲ ਹਲਕੇ ਵਿੱਚ ਰਹਿੰਦੇ ਵਿਦਿਆਰਥੀਆਂ ਦੇ ਹਿੱਤਾਂ ਲਈ ਹੋਰ ਅਜਿਹੇ ਸਮਾਰਟ ਸਕੂਲ ਵਿਕਸਤ ਕੀਤੇ ਜਾਣਗੇ।
ਇਸ ਮੌਕੇ ਹਾਜ਼ਰ ਮਾਣਯੋਗ ਸਖ਼ਸ਼ੀਅਤਾਂ ਤੋਂ ਇਲਾਵਾ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਸ੍ਰੀ ਵਿਕਾਸ ਮਹਿਤਾ, ਏ.ਡੀ.ਸੀ. (ਖੰਨਾ) ਸ੍ਰੀ ਜਸਪਾਲ ਸਿੰਘ ਗਿੱਲ, ਐਸ.ਡੀ.ਐਮ ਪਾਇਲ ਸ੍ਰੀ ਮਨਕੰਵਲ ਸਿੰਘ ਚਹਿਲ, ਸਿਆੜ੍ਹ ਪਿੰਡ ਦੀ ਸਰਪੰਚ ਸ੍ਰੀਮਤੀ ਲਵਪ੍ਰੀਤ ਕੌਰ, ਪੰਚਾਇਤ ਮੈਂਬਰ, ਸਕੂਲ ਪ੍ਰਿੰਸੀਪਲ ਸ੍ਰੀ ਜਤਿੰਦਰਪਾਲ ਸ਼ਰਮਾ ਹਾਜ਼ਰ ਸਨ।