ਐਮ.ਐਸ.ਪੀ. ਨੂੰ ਸੀਮਤ ਕਰਨ ਦੀ ਬਜਾਏ, ਸਰਕਾਰ ਮੱਕੀ, ਤੇਲ ਬੀਜਾਂ ਅਤੇ ਹੋਰ ਫਸਲਾਂ ਦੀ ਖਰੀਦ ਯਕੀਨੀ ਬਣਾਵੇ – ਡਾ ਅਮਰ ਸਿੰਘ ਐਮ.ਪੀ.

ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਰਾਏਕੋਟ/ਲੁਧਿਆਣਾ, 16 ਅਗਸਤ  – ਡਾ. ਅਮਰ ਸਿੰਘ ਮੈਬਰ ਪਾਰਲੀਮੈਂਟ ਸ਼੍ਰੀ ਫਤਹਿਗੜ ਸਾਹਿਬ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਕੇਂਦਰੀ ਏਜੰਸੀਆਂ ਵੱਲੋਂ ਮੱਕੀ, ਤੇਲ ਦੇ ਬੀਜ ਅਤੇ ਹੋਰ ਫਸਲਾਂ ਦੀ ਖਰੀਦ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਦੀ ਆਮਦਨੀ ਬਰਕਰਾਰ ਰਹੇ।
ਡਾ: ਅਮਰ ਸਿੰਘ ਵੱਲੋਂ ਖੇਤੀਬਾੜੀ ਮੰਤਰੀ ਨੂੰ ਦੱਸਿਆ ਗਿਆ ਕਿ ਕਣਕ ਅਤੇ ਝੋਨੇ ਨੂੰ ਛੱਡ ਕੇ ਹੋਰ ਕਿਸੇ ਵੀ ਫਸਲ ‘ਤੇ ਕਿਸਾਨਾਂ ਨੂੰ ਐਮ.ਐਸ.ਪੀ. ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹੀ ਕਾਰਨ ਕਰਕੇ ਪੰਜਾਬ ਦਾ ਲਗਭਗ 93 ਪ੍ਰਤੀਸ਼ਤ  ਰਕਬਾ ਅਨਾਜ(ਕਣਕ ਤੇ ਝੋਨਾ) ਦੀ ਖੇਤੀ ਅਧੀਨ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਦਾ ਪਹਿਲਾਂ ਤੋਂ ਹੀ ਇੱਕ ਸੰਕਟ ਚੱਲ ਰਿਹਾ ਹੈ ਅਤੇ ਕੇਂਦਰੀ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਹਰ ਫ਼ਸਲ ਦੀ ਖ਼ਰੀਦ ਐਮ.ਐਸ.ਪੀ. ‘ਤੇ ਕਰਨ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਕਣਕ ਤੇ ਝੋਨੇ ਤੋਂ ਬਿਨ੍ਹਾਂ ਹਰ ਇੱਕ ਫਸਲ ਦਾ ਮੁੱਲ ਐਮ.ਐਸ.ਪੀ. ਅਧੀਨ ਮਿਲੇਗਾ, ਉਸ ਨਾਲ ਕਿਸਾਨ ਖੇਤੀ ਵਿਭਿੰਨਤਾ ਨੂੰ ਅਪਣਾਉਣਗੇ ਜਿਸ ਨਾਲ ਪੰਜਾਬ ਵਿੱਚ ਗਿਰ ਰਹੇ ਧਰਤੀ ਹੇਠਲੇ ਪਾਣੀ ਦੇ ਲੈਵਲ ਨੂੰ ਵੀ  ਰੋਕਿਆ ਜਾ ਸਕੇਗਾ।