ਆਜ਼ਾਦੀ ਦਿਹਾੜੇ ਸਬੰਧੀ ਫੁਲ ਡਰੈਸ ਰਿਹਰਸਲ – -ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਲਹਿਰਾਉਣਗੇ ਪਟਿਆਲਾ ਵਿਖੇ ਤਿਰੰਗਾ-ਪੂਜਾ ਸਿਆਲ
-ਕੋਵਿਡ ਕਰਕੇ ਸਾਦਾ ਅਤੇ ਸੰਖੇਪ ਹੋਵੇਗਾ ਆਜ਼ਾਦੀ ਦਿਹਾੜੇ ਦਾ ਸਮਾਗਮ-ਏ.ਡੀ.ਸੀ.
ਨਿਊਜ਼ ਪੰਜਾਬ
ਪਟਿਆਲਾ, 14 ਅਗਸਤ : ਦੇਸ਼ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਫੁਲ ਡਰੈਸ ਰਿਹਰਸਲ ਹੋਈ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਅਤੇ ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ ਨੇ ਇਸ ਰਿਹਰਸਲ ਦਾ ਜਾਇਜ਼ਾ ਲਿਆ।
ਇਸ ਮੌਕੇ ਸ੍ਰੀਮਤੀ ਪੂਜਾ ਨੇ ਦੱਸਿਆ ਕਿ ਪਟਿਆਲਾ ਵਿਖੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਜ਼ਿਲ੍ਹਾ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ। ਸ੍ਰੀਮਤੀ ਪੂਜਾ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਕਰਕੇ ਇਹ ਸਮਾਗਮ ਬਿਲਕੁਲ ਸਾਦਾ ਅਤੇ ਸੰਖੇਪ ਹੋਵੇਗਾ, ਇਸ ਲਈ ਆਮ ਲੋਕ ਆਪਣੇ ਘਰਾਂ ‘ਚ ਹੀ ਰਹਿਣ ਨੂੰ ਤਰਜੀਹ ਦੇਣ।
ਫੁਲ ਡਰੈਸ ਰਿਹਰਸਲ ਦੌਰਾਨ ਪਰੇਡ ਕਮਾਂਡਰ ਡੀ.ਐਸ.ਪੀ. ਸਿਟੀ-1 ਸ੍ਰੀ ਯੁਗੇਸ਼ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਦੀਆਂ ਦੋ ਟੁਕੜੀਆਂ, ਪੰਜਾਬ ਪੁਲਿਸ ਮਹਿਲਾ ਵਿੰਗ ਦੀ ਇੱਕ ਟੁਕੜੀ ਸਮੇਤ ਆਈ.ਆਰ.ਬੀ. ਦੇ ਬੈਂਡ ਦੀ ਟੁਕੜੀ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ। ਸਮਾਗਮ ਦੇ ਅੰਤ ਵਿੱਚ ਸਰਕਾਰੀ ਕਾਲਜ ਲੜਕੀਆਂ ਦੇ ਅਧਿਆਪਨ ਸਟਾਫ਼ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ।
ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਕੋਵਿਡ ਕਰਕੇ ਇਸ ਵਾਰ ਆਜ਼ਾਦੀ ਘੁਲਾਟੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰ ਜਾ ਕੇ ਹੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਐਸ.ਡੀ.ਐਮ. ਚਰਨਜੀਤ ਸਿੰਘ, ਡੀ.ਐਸ.ਪੀ. ਪਰਮਿੰਦਰ ਸਿੰਘ, ਡੀ.ਐਸ.ਪੀ. ਬਲਜਿੰਦਰ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ, ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
I/63650/2020
***********
ਫੋਟੋ ਕੈਪਸ਼ਨ-ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਸਬੰਧੀਂ ਫੁਲ ਡਰੈਸ ਰਿਹਰਸਲ ਮੌਕੇ ਤਿਰੰਗਾ ਝੰਡਾ ਲਹਿਰਾਉਂਦੇ ਹੋਏ ਏ.ਡੀ.ਸੀ. ਸ੍ਰੀਮਤੀ ਪੂਜਾ ਸਿਆਲ ਗਰੇਵਾਲ। ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ