ਭਾਦਸੋਂ – ਕੋਰੋਨਾ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ
ਭਾਦਸੋਂ ਵਿਖੇ ਕੋਰੋਨਾ ਤੋਂ ਬਚਾਅ ਲਈ ਚਲਾਈ ਜਾ ਰਹੀ ਹੈ ਜਾਗਰੂਕਤਾ ਮੁਹਿੰਮ
-ਕਾਰਜ ਸਾਧਕ ਅਫ਼ਸਰ ਦੀ ਅਗਵਾਈ ‘ਚ ਭਾਦਸੋਂ ਵਾਸੀਆਂ ਨੂੰ ਸਾਵਧਾਨੀਆਂ ਰੱਖਣ ਲਈ ਕੀਤਾ ਪ੍ਰੇਰਿਤ
-ਕੋਵਾ ਐਪ ਬਾਰੇ ਵੀ ਦਿੱਤੀ ਜਾਣਕਾਰੀ
ਨਿਊਜ਼ ਪੰਜਾਬ
ਭਾਦਸੋਂ/ਪਟਿਆਲਾ, 8 ਅਗਸਤ: ਕੋਵਿਡ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ‘ਮਿਸ਼ਨ ਫ਼ਤਿਹ’ ਤਹਿਤ ਨਗਰ ਪੰਚਾਇਤ ਭਾਦਸੋਂ ਵਿਖੇ ਕਾਰਜ ਸਾਧਕ ਅਫ਼ਸਰ ਅਮਰੀਕ ਸਿੰਘ ਦੀ ਅਗਵਾਈ ‘ਚ ਕੋਰੋਨਾ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਕਾਰਜ ਸਾਧਨ ਅਫ਼ਸਰ ਦੀ ਅਗਵਾਈ ‘ਚ ਟੀਮਾਂ ਵੱਲੋਂ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ, ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣ ਅਤੇ ਗੈਰ ਜ਼ਰੂਰੀ ਆਵਾਜਾਈ ਤੋਂ ਗੁਰੇਜ਼ ਕਰਕੇ ਇਸ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀਆਂ ਰੱਖਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਅਮਰੀਕ ਸਿੰਘ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਮਿਸ ਜਸ਼ਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਭਾਦਸੋਂ ਨਗਰ ਪੰਚਾਇਤ ਵਿਖੇ ਕੋਵਿਡ-19 ਤੋਂ ਬਚਾਅ ਅਤੇ ਜਾਗਰੂਕਤਾ ਲਈ ਜਿੱਥੇ ਮਿਸ਼ਨ ਫ਼ਤਿਹ ਦੇ ਹੋਰਡਿੰਗਜ ਲਗਵਾਏ ਗਏ ਹਨ, ਉਥੇ ਹੀ ਪ੍ਰਚਾਰ ਸਮੱਗਰੀ ਵੰਡਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕੋਲ ਮਾਸਕ ਨਹੀਂ ਹਨ, ਉਨ੍ਹਾਂ ਨੂੰ ਮਾਸਕ ਵੀ ਉਪਲਬਧ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਕੋਰੋਨਾ ਸਬੰਧੀ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤੀ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਵੀ ਕਿਹਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ‘ਚ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਚੁੰਨੀ ਲਾਲ ਅਤੇ ਮਿਊਂਸੀਪਲ ਕੌਂਸਲਰਾਂ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋੜਵੰਦਾਂ ਨੂੰ ਮਾਸਕ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
================
ਫੋਟੋ ਕੈਪਸ਼ਨ -ਨਗਰ ਪੰਚਾਇਤ ਭਾਦਸੋਂ ਵਿਖੇ ਮੁਲਾਜ਼ਮ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਰੱਖਣ ਲਈ ਪ੍ਰੇਰਿਤ ਕਰਦੇ ਹੋਏ।