ਜਹਿਰੀਲੀ ਸ਼ਰਾਬ – ਸਿਆਸੀ ਲਾਹਾ – – ਕੈਪਟਨ ਨੇ ਕੀਤਾ ਐਲਾਨ ਪ੍ਰਤੀ ਮ੍ਰਿਤਕ 5 ਲੱਖ ਸਹਾਇਤਾ – ਅਕਾਲੀਆਂ , ਭਾਜਪਾ ਅਤੇ ਆਪ ਨੇ ਕੀਤੇ ਮੁਜਾਹਰੇ – ਕਿਸੇ ਨੇ ਨਹੀਂ ਕਿਹਾ ਸ਼ਰਾਬ ਨਾ ਪੀਓ

newspunjab.net          ਜਹਿਰੀਲੀ ਸ਼ਰਾਬ ਦਾ ਅਸਰ ਸਿਆਸੀ ਪਾਰਟੀਆਂ ਤੇ ਪੂਰਾ ਚੜ੍ਹ ਚੁੱਕਾ ਹੈ I ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਆਰਥਿਕ ਸਾਹਿਤ 2 ਤੋਂ ਵਧਾ ਕੇ 5 ਲੱਖ ਕਰਨ ਦਾ ਐਲਾਨ ਕੀਤਾ I ਅਕਾਲੀਆਂ , ਭਾਜਪਾ ਅਤੇ ਆਪ ਪਾਰਟੀ ਨੇ ਵੱਖ ਵੱਖ ਥਾਵਾਂ ਤੇ ਰੋਸ ਧਰਨੇ ਦਿਤੇ | ਪੰਜਾਬ ਦੇ ਸਾਰੇ ਮੰਤਰੀ ਮੰਡਲ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਮਸ਼ੇਰ ਸਿੰਘ ਦੂਲੋ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਰੱਖੀ ਹੈ ਪਰ ਹੈਰਾਨੀਜਨਕ ਤੱਥ ਇੱਹ ਹੈ ਕਿ ਕਿਸੇ ਵੀ ਸਰਕਾਰ ਨੇ , ਕਿਸੇ ਵੀ ਰਾਜਸੀ ਪਾਰਟੀ ਨੇ ਅਤੇ ਨਾ ਹੀ ਕਿਸੇ ਸਮਾਜਕ ਤੇ ਧਾਰਮਿਕ ਆਗੂ ਨੇ ਲੋਕਾਂ ਨੂੰ ਸ਼ਰਾਬ ਪੀਣ ਤੋਂ ਵਰਜਿਆ ਹੈ I ਮਦਦ ਅਤੇ ਮੁਜ਼ਾਹਰੇ ਅਜਿਹੀਆਂ ਘਟਨਾਵਾਂ ਨੂੰ ਉਤਸਾਹਤ ਕਰਨ ਦਾ ਸਵੱਬ ਬਣ ਸਕਦੀਆਂ ਹਨ |

ਨਿਊਜ਼ ਪੰਜਾਬ
ਤਰਨਤਾਰਨ 7 ਅਗਸਤ -ਜਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਤਰਨਤਾਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਵਾਰਾਂ ਦੀ ਸਹਾਇਤਾ ਰਾਸ਼ੀ ਨੂੰ 2 ਲੱਖ ਤੋਂ ਵਧਾ ਕੇ 5 ਲੱਖ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਪੀੜਤਾਂ ਲਈ ਵੀ ਸਹਾਇਤਾ ਰਾਸ਼ੀ 5 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਹਰ ਘਰ ਵਿਚ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ I

ਤਰਨਤਾਰਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿੱਤਾ I

ਚੰਡੀਗੜ੍ਹ ਤੋਂ ਪ੍ਰਾਪਤ ਖਬਰ ਅਨੁਸਾਰ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਗਵਰਨਰ ਹਾਊਸ ਨੇੜੇ ਪ੍ਰਦਰਸ਼ਨ ਕੀਤਾ ਅਤੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਆਗੂ ਸ੍ਰ. ਬਲਵਿੰਦਰ ਸਿੰਘ ਭੂੰਦੜ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਅਕਾਲੀ ਦਲ (ਬ) ਦੇ ਵਰਕਰ ਗਵਰਨਰ ਹਾਊਸ ਨੇੜੇ ਪ੍ਰਦਰਸ਼ਨ ਕਰ ਰਹੇ ਹਨ ।

ਖਰੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਤੇ ਭਾਜਪਾ ਵਲੋਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਅਮ੍ਰਿਤਸਰ ਦੀ ਸੂਚਨਾ ਅਨੁਸਾਰ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਜਗਾਉਣ ਸੰਬੰਧੀ ਅੱਜ ਭਾਜਪਾ ਯੁਵਾ ਮੋਰਚਾ ਅਤੇ ਭਾਜਪਾ ਵਰਕਰਾਂ ਨੇ ਅੱਜ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘੇਰਾਉ ਕਰਨ ਲਈ ਰੋਸ ਮਾਰਚ ਕੀਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਪਹਿਲਾ ਹੀ ਰੋਕ ਲਿਆ I