ਦਵਾਈ ਬਪਰੀਨੌਰਫਿਨ ਨੈਲੋਕਸੋਨ – ਨਸ਼ਾਮੁਕਤੀ ਦੀਆਂ ਪੰਜ ਕਰੋੜ ਗੋਲੀਆਂ ਕੌਣ ਖਾ ਗਿਆ ? ਮੁੱਖ ਮੰਤਰੀ ਨੇ ਦਿਤੇ ਜਾਂਚ ਦੇ ਆਦੇਸ਼

ਮੁੱਖ ਮੰਤਰੀ ਵੱਲੋਂ ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਦਵਾਈਆਂ ਦੀ ਅਨਿਯਮਿਤ ਵੰਡ ’ਤੇ ਗਹਿਰੀ ਨਜ਼ਰਸਾਨੀ ਦੀ ਲੋੜ ’ਤੇ ਜ਼ੋਰ

        ਗਵਾਚੀਆਂ ਗੋਲੀਆਂ ਦੀ ਪੜਤਾਲ ਲਈ ਬਣਾਈ ਕਮੇਟੀ ਨੂੰ ਜਾਂਚ ਤੇਜ਼ ਕਰਨ ਲਈ ਕਿਹਾ

ਨਿਊਜ਼ ਪੰਜਾਬ 

ਚੰਡੀਗੜ, 30 ਜੁਲਾਈ- ਨਸ਼ਿਆਂ ਦੀ ਅਲਾਮਤ ’ਤੇ ਕਾਬੂ ਪਾਉਣ ਲਈ ਦਵਾਈਆਂ ਦੀ ਅਨਿਯਮਿਤ ਵੰਡ ਉੱਪਰ ਗਹਿਰੀ ਨਜ਼ਰਸਾਨੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਨਸ਼ਾਮੁਕਤੀ ਦੀ ਦਵਾਈ ਬਪਰੀਨੌਰਫਿਨ ਨੈਲੋਕਸੋਨ ਦੀਆਂ ਗੁੰਮ ਹੋਈਆਂ ਪੰਜ ਕਰੋੜ ਗੋਲੀਆਂ ਦੀ ਪੜਤਾਲ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਨੂੰ ਜਾਂਚ ਤੇਜ਼ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।

29 ਜੂਨ ਨੂੰ ਗਠਿਤ ਕੀਤੀ ਗਈ ਇਸ ਕਮੇਟੀ ਵਿੱਚ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ, ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਕਮਿਸ਼ਨਰ ਕਾਹਨ ਸਿੰਘ ਪਨੂੰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ ਸ਼ਾਮਲ ਹਨ।

ਨਸ਼ਾ ਮੁਕਤੀ ਅਤੇ ਇਲਾਜ ਬੁਨਿਆਦੀ ਢਾਂਚ ਦੇ ਜਾਇਜ਼ੇ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਟਾਸਕ ਫੋਰਸ ਨੂੰ ਨਸ਼ਿਆਂ ਦੇ ਆਦੀ ਵਿਅਕਤੀਆਂ ਦੇ ਢੁੱਕਵੇਂ ਤੇ ਸਮੇਂ ਸਿਰ ਇਲਾਜ਼ ਨੂੰ ਯਕੀਨੀ ਬਣਾਉਣ ਲਈ ਓ.ਓ.ਏ.ਟੀ ਕਲੀਨਕਾਂ ਦੀ ਪਹੁੰਚ ਹੋਰ ਵਿਆਪਕ ਕਰਨ ਲਈ ਆਖਿਆ ਗਿਆ। ਮੌਜੂਦਾ ਸਮੇਂ ਰਾਜ ਵਿੱਚ 190 ਸਰਕਾਰੀ ਓ.ਓ.ਏ.ਟੀ ਕੇਂਦਰਾਂ ਤੋਂ ਇਲਾਵਾ 119 ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਅਤੇ ਜ਼ੇਲਾਂ ਵਿੱਚ 9 ਕੇਂਦਰ ਵੱਖਰੇ ਹਨ। ਇਨਾਂ ਕੇਂਦਰਾਂ ਵਿੱਚ 1ਜੁਲਾਈ 2019 ਤੋਂ 30 ਜੂਨ 2020 ਤੱਕ 5,50,907 ਵਿਅਕਤੀ  ਇਲਾਜ ਲਈ ਭਰਤੀ ਹੋਏ। ਲੌਕਡਾਊਨ ਕਰਕੇ ਨਸ਼ਿਆਂ ਤੇ ਹੋਰ  ਪਦਾਰਥਾਂ ਦੀ ਸਪਲਾਈ ਟੁੱਟਣ ਕਰਕੇ ਅਪ੍ਰੈਲ ਅਤੇ ਮਈ 2020 ਮਹੀਨਿਆਂ ਦੌਰਾਨ ਇਲਾਜ  ਲਈ ਭਰਤੀ ਹੋਣ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ।

ਇਨਾਂ ਕੇਂਦਰਾਂ ’ਤੇ ਨੌਜਵਾਨਾਂ ਲਈ ਕੌਂਸਲਿੰਗ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਨੋਵਿਗਿਆਨਕ ਆਸਰਾ ਅਜਿਹੇ ਨੌਜਵਾਨਾਂ ਦੇ ਇਲਾਜ ਲਈ ਅਹਿਮ ਸਿੱਧ ਹੋਵੇਗਾ।

ਸੂਬੇ ਅੰਦਰ ਨਸ਼ਿ੍ਆਂ ਦੇ ਖਾਤਮੇ ਲਈ ਆਪਣੀ ਪ੍ਰਤੀਬੱਧਤਾ ਨੂੰ ਦਹੁਰਾਉਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਨਸ਼ਾ  ਮਾਫੀਆ ਦਾ ਲੱਕ  ਪਹਿਲਾਂ ਹੀ ਤੋੜਿਆ ਜਾ ਚੁੱਕਿਆ ਹੈ ਅਤੇ ਕਈ ਵੱਡੀਆਂ  ਮੱਛੀਆਂ ਫੜੀਆਂ ਜਾ ਚੁੱਕੀਆਂ ਹਨ, ਆਜਿਹੇ ਵਿੱਚ ਸਰਹੱਦ ਪਾਰ ਤੋਂ ਵੱਧ ਰਿਹਾ ਨਾਰਕੋ-ਅੱਤਵਾਦ ਚਿੰਤਾ ਦਾ ਵਿਸ਼ਾ ਹੈ।  ਉਨਾਂ ਕਿਹਾ ਕਿ ਪੰਜਾਬ ਵਿੱਚ ਹੋਰਨਾਂ ਸੂਬਿਆਂ ਤੋਂ ਹੋ ਰਹੀ ਨਸ਼ਿਆਂ ਦੀ ਤਸਕਰੀ ਨਾਲ ਨਜਿੱਠਣਾ ਵੱਡੀ ਵੰਗਾਰ ਹੈ। ਉਨਾਂ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਸਮੁੱਚੇ ਸਬੰਧਤ ਵਿਭਾਗਾਂ ਦੇ ਸਾਂਝੇ ਤੇ ਬੱਝਵੇਂ ਯਤਨਾਂ ਲਈ ਲਈ ਸੱਦਾ ਦਿੱਤਾ।

================

ਫੋਟੋ – ਸੰਕੇਤਕ