39 ਦਿਨਾਂ ਬਾਅਦ ਮਿਲੀ IAS ਅਧਿਕਾਰੀ ਕੇਕੇ ਯਾਦਵ ਨੂੰ ਮਿਲੀ ਪੋਸਟਿੰਗ, ਪਿਛਲੇ ਮਹੀਨੇ ਹਟਾਇਆ ਸੀ ਅਹੁਦੇ ਤੋਂ
ਨਿਊਜ਼ ਪੰਜਾਬ
11 ਅਪ੍ਰੈਲ 2025
ਆਖਿਰਕਾਰ 39 ਦਿਨਾਂ ਬਾਅਦ 2003 ਬੈਚ ਦੇ ਆਈਏਐਸ ਅਫਸਰ ਕੇਕੇ ਯਾਦਵ ਨੂੰ ਪੋਸਟਿੰਗ ਮਿਲ ਗਈ ਹੈ। ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰ ਕੇ ਉਨ੍ਹਾਂ ਨੂੰ ਉਦਯੋਗ ਵਿਭਾਗ ਦਾ ਪ੍ਰਬੰਧਕੀ ਸਕੱਤਰ ਨਿਯੁਕਤ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ 2 ਮਾਰਚ ਨੂੰ ਉਨ੍ਹਾਂ ਨੂੰ ਸਿੱਖਿਆ ਸਕੱਤਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਤੇ ਉਦੋਂ ਤੋਂ ਪੋਸਟਿੰਗ ਦੀ ਉਡੀਕ ਕਰ ਰਹੇ ਸਨ। ਅੱਜ ਉਨ੍ਹਾਂ ਨੂੰ ਪ੍ਰਬੰਧਕੀ ਸਕੱਤਰ ਉਦਯੋਗ ਵਿਭਾਗ ਦੇ ਨਾਲ ਨਾਲ ਨਿਵੇਸ਼ ਪ੍ਰੋਮੋਸ਼ਨ ਤੇ ਜਾਣਕਾਰੀ ਤਕਨਾਲੋਜੀ ਵਿਭਾਗ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ।
ਤਬਾਦਲਿਆਂ ‘ਚ ਇਕ ਮਹੱਤਵਪੂਰਨ ਬਦਲਾਅ ਹੋਰ ਵੀ ਹੈ। ਐਡੀਸ਼ਨਲ ਚੀਫ ਸਕੱਤਰ ਡੀਕੇ ਤਿਵਾੜੀ ਨੂੰ ਟਰਾਂਸਪੋਰਟ ਵਿਭਾਗ ਤੋਂ ਹਟਾ ਕੇ ਸੰਸਦੀ ਕਾਰਜ ਮਾਮਲਿਆਂ ਦਾ ਵਿਭਾਗ ਦਿੱਤਾ ਗਿਆ ਹੈ। ਇਹ ਵਿਭਾਗ ਇਸ ਸਮੇਂ ਦਿਲਰਾਜ ਸਿੰਘ ਸੰਧਾਵਾਲੀਆ ਕੋਲ ਸੀ। ਸੰਧਾਵਾਲੀਆ ਆਪਣੇ ਹੋਰ ਮਹਿਕਮਿਆਂ ਨੂੰ ਪਹਿਲਾਂ ਵਾਂਗ ਹੀ ਦੇਖਦੇ ਰਹਿਣਗੇ। ਕਰ ਅਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਵਰੁਣ ਰੂਜਮ ਹੁਣ ਟਰਾਂਸਪੋਰਟ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਾ ਕੰਮ ਵੀ ਆਪਣੇ ਪੁਰਾਣੇ ਮਹਕਮਿਆਂ ਦੇ ਨਾਲ ਨਾਲ ਦੇਖਣਗੇ।