ਮੁੱਖ ਖ਼ਬਰਾਂਪੰਜਾਬ

ਪਟਿਆਲਾ ਜ਼ਿਲ੍ਹੇ ਦੇ 30 ਸਰਕਾਰੀ ਸਕੂਲਾਂ ‘ਚ 4.29 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਨਿਊਜ਼ ਪੰਜਾਬ

ਪਟਿਆਲਾ, 11 ਅਪ੍ਰੈਲ 2025

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਚਲਾਈ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ, ਜ਼ਿਲ੍ਹਾ ਪਟਿਆਲਾ ਵਿੱਚ ਵੱਡੇ ਪੱਧਰ ‘ਤੇ ਉਦਘਾਟਨ ਸਮਾਰੋਹ ਕਰਵਾਏ ਗਏ। ਇਸ ਤਹਿਤ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ 30 ਸਰਕਾਰੀ ਸਕੂਲਾਂ ਵਿੱਚ 4.29 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਇੰਦਰਾ ਕਲੋਨੀ, ਹਰਦਾਸਪੁਰ, ਕਰਮਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕੇਸ਼ੋ ਵਿਖੇ ਨਵੇਂ ਕਲਾਸ ਰੂਮ, ਚਾਰਦੀਵਾਰੀ, ਸਾਇੰਸ ਲੈਬ ਸਮੇਤ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਜਦਕਿ ਹਲਕਾ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਇਨਜ਼ ਪਟਿਆਲਾ, ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਅਜਰਾਵਰ, ਸੁਹਰੋਂ ਅਤੇ ਹਰਪਾਲਪੁਰ, ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਗੁਰਦਿੱਤਪੁਰਾ, ਸਾਲੂਵਾਲ ਤੇ ਭੀਲੋਵਾਲ, ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਬਹਾਦਰਗੜ੍ਹ, ਸਾਹਿਬ ਨਗਰ ਥੇੜ੍ਹੀ ਅਤੇ ਰਾਏਪੁਰ, ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਰੀਮਨਗਰ, ਕਰਤਾਰਪੁਰ ਅਤੇ ਸ਼ਾਦੀਪੁਰ, ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਫ਼ਤਿਹਗੜ੍ਹ ਛੰਨਾ, ਆਲਮਪੁਰ, ਤਲਵੰਡੀ ਮਲਕ, ਭਗਵਾਨਪੁਰ ਖਤਰੀਵਾਲਾ ਵਿਖੇ ਹੋਏ ਉਦਘਾਟਨ ਸਮਾਰੋਹਾਂ ਵਿੱਚ ਸ਼ਿਰਕਤ ਕੀਤੀ।

ਡਾ. ਬਲਬੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਸਿੱਖਿਆ ਨੂੰ ਸੂਬੇ ਦੀ ਤਰੱਕੀ ਦਾ ਅਧਾਰ ਬਣਾਉਣ ਲਈ ਬੜੇ ਪੱਧਰ ਉੱਤੇ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਸਿਰਫ਼ ਵਿੱਦਿਆ ਦੇ ਕੇਂਦਰ ਨਹੀਂ, ਸਗੋਂ ਸਮੁੱਚੇ ਸਮਾਜਿਕ ਵਿਕਾਸ ਦੇ ਕੇਂਦਰ ਬਣ ਰਹੇ ਹਨ।

ਇਨ੍ਹਾਂ ਸਮਾਰੋਹਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਾਲੂ ਮਹਿਰਾ, ਡਿਪਟੀ ਡੀਈਓਜ਼ ਰਵਿੰਦਰਪਾਲ ਸ਼ਰਮਾ ਅਤੇ ਮਨਵਿੰਦਰ ਕੌਰ ਭੁੱਲਰ, ਹਲਕਾ ਸਿੱਖਿਆ ਕੋਆਰਡੀਨੇਟਰ, ਮਾਸਟਰ ਟਰੇਨਰ ਮਾਲਵਾ ਜ਼ੋਨ ਵਿਜੇ ਕੁਮਾਰ ਮੈਨਰੋ, ਬੀਪੀਈਓ, ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਉਹਨਾਂ ਦੇ ਮਾਪੇ, ਮਿਊਂਸੀਪਲ ਕੌਂਸਲਰ, ਸਰਪੰਚ, ਪੰਚ, ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ।

ਉਦਘਾਟਨ ਸਮਾਰੋਹਾਂ ਵਿੱਚ ਲੋਕਾਂ ਨੂੰ ਖੁੱਲ੍ਹਾ ਅਤੇ ਨਿੱਘਾ ਸੱਦਾ ਦਿੱਤਾ ਜਾ ਰਿਹਾ ਹੈ, ਤਾਂ ਜੋ ਉਹ ਆਪਣੇ ਇਲਾਕਿਆਂ ਦੇ ਸਕੂਲਾਂ ਵਿੱਚ ਆ ਰਹੇ ਬਦਲਾਅ ਨੂੰ ਨੇੜਿਓਂ ਦੇਖ ਸਕਣ ਅਤੇ ਵਿਦਿਆਰਥੀਆਂ ਲਈ ਉਪਲਬਧ ਹੋ ਰਹੀਆਂ ਸੁਵਿਧਾਵਾਂ ਨਾਲ ਜਾਣੂੰ ਹੋ ਸਕਣ। ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲਾਂ ਵਿੱਚ ਬਿਹਤਰੀਨ ਢਾਂਚਾ ਗਤ ਸੁਵਿਧਾਵਾਂ ਅਤੇ ਨਵੀਂ ਤਕਨੀਕ ਨਾਲ ਸੁਸੱਜਿਤ ਸਿੱਖਣ ਵਾਲਾ ਮਾਹੌਲ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਵਿਦਿਆਰਥੀ ਹਰ ਪੱਖੋਂ ਤਿਆਰ ਹੋਣ।