ਫੰਡਾਂ ਸਮੇਤ ਅਨਾਜ ਤੇ ਮਿਡ ਡੇ ਮੀਲ ਯੋਜਨਾ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਵਚਨਬੱਧਤਾ ‘ਚ ਕੋਈ ਕਮੀ ਨਹੀਂ-ਸਿੱਖਿਆ ਮੰਤਰੀ

ਨਿਊਜ਼ ਪੰਜਾਬ
ਪਟਿਆਲਾ, 24 ਜੁਲਾਈ: ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਮਿਡ ਡੇ ਮੀਲ ਯੋਜਨਾ ਤਹਿਤ 15.79 ਲੱਖ ਲਾਭਪਾਤਰੀ ਵਿਦਿਆਰਥੀਆਂ ਨੂੰ ਅਨਾਜ ਮੁਹੱਈਆ ਕਰਵਾਉਣ ਲਈ ਇਸ ਸਾਲ 30 ਜੂਨ ਤੱਕ ਲੋੜੀਂਦਾ ਅਨਾਜ ਉਪਲਬੱਧ ਕਰਵਾਇਆ ਜਾ ਚੁੱਕਾ ਹੈ। ਸਿੱਖਿਆ ਮੰਤਰੀ, ਸਕੂਲੀ ਵਿਦਿਆਰਥੀਆਂ ਨੂੰ ਅਨਾਜ ਨਾ ਵੰਡੇ ਜਾਣ ਦੀਆਂ ਮੀਡੀਆ ਦੇ ਇੱਕ ਹਿੱਸੇ ‘ਚ ਛਪੀ ਰਿਪੋਰਟ ‘ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਸਨ।
ਸ੍ਰੀ ਸਿੰਗਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਭੋਜਨ ਪਕਾਉਣ ਦੀ ਲਾਗਤ ਵਜੋਂ 37.26 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ, ਜਿਸ ‘ਚੋਂ 23 ਕਰੋੜ ਰੁਪਏ ਪਹਿਲਾਂ ਹੀ ਲਾਭਪਾਤਰੀ ਵਿਦਿਆਰਥੀਆਂ ਦੇ ਬੈਂਕ ਖਾਤਿਆਂ ‘ਚ ਪੁਆ ਦਿੱਤਾ ਗਿਆ ਹੈ। ਬਾਕੀ ਰਹਿੰਦਾ 14 ਕਰੋੜ ਰੁਪਏ, ਸਕੂਲਾਂ ਕੋਲ, ਵਿਦਿਆਰਥੀਆਂ ਦੇ ਖਾਤੇ ਖੋਲ੍ਹਣ ਲਈ ਬਕਾਇਆ ਹੈ।
ਸਿੱਖਿਆ ਮੰਤਰੀ ਨੇ ਹੋਰ ਕਿਹਾ ਕਿ ਜ਼ਿਲ੍ਹਾ ਸਿੱਖਿਆ ਦਫ਼ਤਰਾਂ ‘ਚੋਂ ਭੋਜਨ ਪਕਾਉਣ ਦੀ ਲਾਗਤ ਬੈਂਕ ਖਾਤਿਆਂ ‘ਚ ਸਿੱਧੇ ਤਬਦੀਲ ਕਰਨ ਸਬੰਧੀਂ ਪ੍ਰਾਪਤ ਹੋਏ ਸੁਝਾਵਾਂ ਅਤੇ ਮੁਸ਼ਕਿਲਾਂ ਦਾ ਨੋਟਿਸ ਲੈਂਦਿਆਂ ਰਾਜ ਸਰਕਾਰ ਨੇ ਵਿਦਿਆਰਥੀਆਂ ਨੂੰ ਅਨਾਜ ਦੀ ਵੰਡ ਸਬੰਧੀਂ ਇਹ ਮੁੱਦਾ 8 ਜੁਲਾਈ ਨੂੰ ਕੇਂਦਰ ਸਰਕਾਰ ਕੋਲ ਵੀ ਉਠਾਉਂਦਿਆਂ ਭੋਜਨ ਪਕਾਉਣ ਦੀ ਲਾਗਤ ਦੀ ਅਦਾਇਗੀ ਨਗ਼ਦ ਕਰਨ ਲਈ ਅਗਿਆ ਮੰਗੀ ਹੈ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਅਣਕਿਆਸੀ ਕੋਵਿਡ-19 ਦੀ ਮਹਾਂਮਾਰੀ ਕਰਕੇ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਸਕੂਲੀ ਅਧਿਆਪਕਾਂ ਨੇ ਕਾਬਲੇ ਤਾਰੀਫ਼ ਕੰਮ ਕੀਤਾ ਹੈ, ਭਾਵੇਂ ਉਹ ਆਨ ਲਾਇਨ ਕਲਾਸਾਂ ਹੋਣ, ਕਿਤਾਬਾਂ ਦੀ ਵੰਡ ਹੋਵੇ ਜਾਂ ਲਾਭਪਾਤਰੀ ਵਿਦਿਆਰਥੀਆਂ ਦੇ ਘਰਾਂ ਤੱਕ ਅਨਾਜ ਵੰਡਣ ਦਾ ਮਾਮਲਾ ਹੋਵੇ। ਸ੍ਰੀ ਸਿੰਗਲਾ ਨੇ ਹੋਰ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਅਨਾਜ ਸਬੰਧੀਂ ਲੋੜ ਦੇ ਸਨਮੁੱਖ ਸਰਕਾਰ ਕੋਲ ਫੰਡਾਂ, ਭੋਜਨ ਅਤੇ ਵਚਨਬੱਧਤਾ ‘ਚ ਕੋਈ ਕਮੀ ਨਹੀਂ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ 8230 ਮੀਟ੍ਰਿਕ ਟਨ ਅਨਾਜ ਉਪਲਬਧ ਹੈ ਜਦੋਂਕਿ ਇਸ ਸਬੰਧੀਂ 70.70 ਕਰੋੜ ਰੁਪਏ ਦੇ ਬਿਲ ਖ਼ਜ਼ਾਨੇ ‘ਚ ਜਮ੍ਹਾ ਕਰਵਾਏ ਜਾ ਚੁੱਕੇ ਹਨ ਅਤੇ ਇਹ ਰਾਸ਼ੀ 15 ਅਗਸਤ 2020 ਤੱਕ ਅਨਾਜ ਦੀ ਵੰਡ ਲਈ ਵਾਧੂ ਹੈੇ।