ਮਿਸ਼ਨ ਫ਼ਤਿਹ ਤਹਿਤ ਪਲਾਜ਼ਮਾ ਬੈਂਕ ਸਥਾਪਤ ਕਰਕੇ ਮੈਡੀਕਲ ਸਾਇੰਸ ਦੇ ਇਤਿਹਾਸ ‘ਚ ਪੰਜਾਬ ਸਰਕਾਰ ਨੇ ਨਵਾਂ ਮਾਅਰਕਾ ਮਾਰਿਆ
-ਕੋਵਿਡ ਦੀ ਜੰਗ ਜਿੱਤ ਚੁੱਕੇ ਮਰੀਜ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ-ਪਰਨੀਤ ਕੌਰ
-ਕੋਵਿਡ ਮਰੀਜਾਂ ਦੇ ਇਲਾਜ ਲਈ ਪੰਜਾਬ ਕੋਲ ਬਿਹਤਰ ਬੁਨਿਆਦੀ ਢਾਂਚਾ-ਓ.ਪੀ. ਸੋਨੀ
ਨਿਊਜ਼ ਪੰਜਾਬ
ਪਟਿਆਲਾ, 21 ਜੁਲਾਈ – ਪੰਜਾਬ ਸਰਕਾਰ ਨੇ ਕੋਵਿਡ-19 ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਮਿਸ਼ਨ ਫ਼ਤਿਹ ਤਹਿਤ ਅੱਜ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਲਾਜ਼ਮਾ ਬੈਂਕ ਸਥਾਪਤ ਕੀਤਾ ਹੈ।ਪਲਾਜ਼ਮਾ ਬੈਂਕ ਦੀ ਸਥਾਪਤੀ ਨਾਲ ਦਿੱਲ੍ਹੀ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਕੋਵਿਡ-19 ਦੇ ਗੰਭੀਰ ਮਰੀਜਾਂ ਦਾ ਇਲਾਜ ਪਲਾਜ਼ਮਾ ਥਰੈਪੀ ਨਾਲ ਕੀਤਾ ਜਾਵੇਗਾ।
ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਪੰਜਾਬ ਦੇ ਇਸ ਪਲੇਠੇ ਪਲਾਜ਼ਮਾ ਬੈਂਕ ਨੂੰ ਆਨ ਲਾਇਨ ਵੀਡੀਓ ਕਾਨਫਰੰਸਿੰਗ ਰਾਹੀਂ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨਾਲ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਵੀ ਮੌਜੂਦ ਸਨ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੈਡੀਕਲ ਸਿੱਖਿਆ ਤੇ ਖੋਜ਼ ਵਿਭਾਗ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ, ਮੈਡੀਸਨ ਵਿਭਾਗ ਦੇ ਮੁਖੀ ਡਾ. ਆਰ.ਪੀ.ਐਸ. ਸਿਬੀਆ, ਪਲਾਜ਼ਮਾ ਬੈਂਕ ਦੇ ਨੋਡਲ ਅਫ਼ਸਰ ਡਾ. ਰਜਨੀ ਬਸੀ ਵੀ ਮੌਜੂਦ ਸਨ।
ਵੀਡੀਓ ਕਾਨਫਰੰਸਿੰਗ ਰਾਹੀਂ ਸ੍ਰੀਮਤੀ ਪਰਨੀਤ ਕੌਰ ਨੇ ਕੋਵਿਡ-19 ਦੀ ਜੰਗ ਜਿੱਤ ਚੁੱਕੇ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਹੋਰਨਾਂ ਕੋਵਿਡ ਪਾਜ਼ਿਟਿਵ ਮਰੀਜਾਂ ਨੂੰ ਵੀ ਇਹ ਜੰਗ ਜਿੱਤਣ ‘ਚ ਮਦਦ ਕਰਨ ਲਈ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਸਫਲਤਾਪੂਰਵਕ ਇਲਾਜ ਦੀ ਦਿਸ਼ਾ ‘ਚ ਪੰਜਾਬ ਸਰਕਾਰ ਵੱਲੋਂ ਚੁੱਕਿਆ ਇਹ ਇੱਕ ਇਤਿਹਾਸਕ ਕਦਮ ਹੈ ਜੋ ਕੋਰੋਨਾ ਦੇ ਗੰਭੀਰ ਮਰੀਜ਼ਾਂ ਲਈ ਆਸ ਦੀ ਇੱਕ ਨਵੀਂ ਕਿਰਨ ਸਾਬਤ ਹੋਵੇਗਾ।
ਕੈਬਨਿਟ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦਾ ਟਾਕਰਾ ਕਰਨ ਲਈ ਪੰਜਾਬ ਵਿੱਚ ਸਥਾਪਤ ਹੋਇਆ ਪਹਿਲਾ ਪਲਾਜ਼ਮਾ ਬੈਂਕ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਸਬੰਧੀ ਪਹਿਲਾਂ ਸੂਬੇ ‘ਚ ਵੱਖ-ਵੱਖ ਸਫਲਤਾਪੂਰਵਕ ਟ੍ਰਾਇਲ ਕੀਤੇ ਗਏ ਸਨ ਜਿਨ੍ਹਾਂ ਕਰਕੇ ਪਲਾਜ਼ਮਾ ਬੈਂਕ ਦੀ ਸਥਾਪਨਾ ਦਾ ਰਾਹ ਪੱਧਰਾ ਹੋਇਆ।
ਸ੍ਰੀ ਸੋਨੀ ਨੇ ਇਸ ਦੀ ਕਾਰਜ-ਪ੍ਰਕਿਰਿਆ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਹੋਰ ਬਿਮਾਰੀਆਂ ਦੇ ਪੀੜ੍ਹਤ ਜਾਂ ਗਰਭਵਤੀ ਔਰਤਾਂ ਤੋਂ ਛੁੱਟ, ਕੋਰੋਨਾ ਤੋਂ ਸਿਹਤਯਾਬ ਹੋ ਚੁੱਕਿਆ ਕੋਈ ਵੀ ਮਰੀਜ਼, 28 ਦਿਨਾਂ ਬਾਅਦ ਆਪਣਾ ਪਲਾਜ਼ਮਾ ਦਾਨ ਕਰ ਸਕਦਾ ਹੈ ਜੋ ਕਿ ਇੱਕ ਬੇਹਦ ਸਰਲ ਅਤੇ ਸੁਰੱਖਿਅਤ ਕਾਰਜਪ੍ਰਕਿਰਿਆ ਹੈ।
ਕੋਵਿਡ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਬੈਂਕ ਦੀ ਸਥਾਪਨਾ ਨੂੰ ਇਸ ਦਿਸ਼ਾ ਵਿੱਚ ਇੱਕ ਮੀਲ-ਪੱਥਰ ਕਰਾਰ ਦਿੰਦਿਆਂ ਸ੍ਰੀ ਸੋਨੀ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਤੋ ਘੱਟ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਨ ਅਤੇ ਪਲਾਜਮਾ ਬੈਂਕ ਦੀ ਸ਼ੁਰੂਆਤ ਵੀ ਇਸੇ ਦਾ ਹੀ ਸਿੱਟਾ ਹੈ।
ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਸ੍ਰੀ ਸੋਨੀ ਨੇ ਹੋਰ ਦੱਸਿਆ ਕਿ ਹਾਲ ਹੀ ਵਿੱਚ ਸਰਕਾਰ ਨੇ ਕੋਰੋਨਾ ਦੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਮੌਜੂਦਾ ਟੈਸਟਿੰਗ ਦੀ ਸਮਰੱਥਾ 3 ਹਜ਼ਾਰ ਤੋਂ 7 ਹਜ਼ਾਰ ਤੱਕ ਵਧਾਉਣ ਲਈ 56 ਲੱਖ ਰੁਪਏ ਦੀ ਲਾਗਤ ਨਾਲ ਵੀ.ਡੀ.ਆਰ.ਐਲ ਲੈਬ ਨੂੰ ਅਪਗ੍ਰੇਡ ਕੀਤਾ ਸੀ ਅਤੇ ਪਲਾਜ਼ਮਾ ਬੈਂਕ ਸ਼ੁਰੂ ਹੋਣ ਨਾਲ ਹੁਣ ਕੋਵਿਡ ਵਿਰੁੱਧ ਜੰਗ ਵਿੱਚ ਸਮੂਹਿਕ ਯਤਨਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਵੀਡੀਓ ਕਾਨਫਰੰਸਿੰਗ ਰਾਹੀਂ ਹੀ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਦੱਸਿਆ ਕਿ ਰਜਿੰਦਰਾ ਹਸਤਾਲ ਵਿੱਚ ਕੋਵਿਡ ਦੇ ਮਰੀਜ਼ਾਂ ਲਈ 600 ਬਿਸਤਰਿਆਂ ਵਾਲੀ ਇਕਾਂਤਵਾਸ (ਆਈਸੋਲੇਸ਼ਨ) ਸਹੂਲੀਅਤ, ਜਿਸ ਵਿੱਚ ਹਰੇਕ ਬੈੱਡ ਨਾਲ 100 ਫੀਸਦੀ ਆਕਸਜੀਨ ਸਪਲਾਈ ਹੈ, ਤੋਂ ਇਲਾਵਾ ਗੰਭੀਰ ਰੂਪ ਵਿੱਚ ਬਿਮਾਰੀ ਮਰੀਜ਼ਾਂ ਲਈ 54 ਵੈਂਟੀਲੇਟਰ ਵੀ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੈਂਟੀਲੇਟਰਾਂ ਦੀ ਗਿਣਤੀ 100 ਤੱਕ ਪਹੁੰਚ ਜਾਵੇਗਾ।
ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋ ਪਲਾਜਮਾ ਮਸ਼ੀਨਾਂ ਨਾਲ ਲੈਸ ਪਲਾਜ਼ਮਾਂ ਬੈਂਕ ਵਿਖੇ ਛੇਤੀ ਹੀ ਤੀਜੀ ਮਸ਼ੀਨ ਵੀ ਲਿਆਂਦੀ ਜਾਵੇਗੀ ਤੇ ਐਂਟੀਬਾਡੀ ਟੈਸਟਿੰਗ ਲਈ ਟੈਸਟਿੰਗ ਕਿੱਟਾਂ ਦੀ ਕੋਈ ਘਾਟ ਨਹੀਂ। ਇਸ ਤੋਂ ਇਲਾਵਾ ਅਤਿ-ਆਧੁਨਿਕ ਟੈਸਟਿੰਗ ਸਾਜ਼-ਸਮਾਨ ਛੇਤੀ ਹੀ ਉਪਲਬਧ ਹੋਵੇਗਾ।
ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪਲਾਜਮਾ ਥੈਰੇਪੀ ਲਈ ਸਟੇਟ ਨੋਡਲ ਅਫ਼ਸਰ ਡਾ. ਨੀਲਮ ਮਰਵਾਹਾ ਦੀ ਸਲਾਹ ਨਾਲ ਚਲਾਏ ਜਾਣ ਵਾਲੇ ਇਸ ਪਲਾਜ਼ਮਾ ਬੈਂਕ ਦੀ ਬੀ.ਸੀ.ਐਲ ਕੋਵਿਡ-19 ਲੈਬ ਵਿੱਚ ਕੋੋਰੋਨਾ ਦੇ ਮਰੀਜਾਂ ਲਈ ਹਾਈ ਗ੍ਰੇਡ ਨਵੇਂ ਟੈਸਟ ਪਲਾਜ਼ਮਾ ਫਿਬਰੋਜਨ ਐਸ. ਅਤੇ ਡੀ. ਡਿਮਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇਨੇ ਕਿਹਾ ਕਿ ਪਲਾਜਮਾ ਬੈਂਕ ਕੋਵਿਡ ਦੇ ਗੰਭੀਰ ਮਰੀਜਾਂ ਦੇ ਪ੍ਰਬੰਧਨ ਇੱਕ ਬਹੁਤ ਵਧੀਆ ਸ਼ੁਰੂਆਤ ਹੈ ਜੋ ਠੀਕ ਸਮੇਂ ਤੇ ਚੁੱਕਿਆ ਇੱਕ ਵਾਜਬ ਕਦਮ ਹੈ ਜਿਸ ਦੀ ਇਸ ਸਮੇਂ ਬੇਹਦ ਲੋੜ ਸੀ। ਇਸ ਮੌਕੇ ਡਾ. ਰਮੇਸ਼ ਕੁਮਾਰ ਕੁੰਡਲ, ਡਾ. ਕੰਵਲਜੀਤ ਕੌਰ ਆਦਿ ਵੀ ਮੌਜੂਦ ਸਨ।
Post Views: 0