ਅਮਰੀਕਾ ‘ਚ ਭਿਆਨਕ ਜਹਾਜ਼ ਹਾਦਸਾ, 9 ਲੋਕਾਂ ਦੀ ਦਰਦਨਾਕ ਮੌਤ; ਸੜਕ ‘ਤੇ ਡਿੱਗਦੇ ਹੀ ਅੱਗ ਦਾ ਗੋਲਾ ਬਣਿਆ ਨਿੱਜੀ ਜਹਾਜ਼

ਨਿਊਜ਼ ਪੰਜਾਬ

2 ਨਵੰਬਰ,2026

ਅਮਰੀਕਾ ਦੇ ਦੱਖਣੀ ਫਲੋਰੀਡਾ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਤਵਾਰ ਨੂੰ ਨੌਂ ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਨਿੱਜੀ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਪਾਮ ਬੀਚ ਕਾਉਂਟੀ ਦੇ ਕ੍ਰੇਸਥੇਵਨ ਇਲਾਕੇ ਵਿੱਚ ਵਾਪਰਿਆ। ਜਾਣਕਾਰੀ ਮੁਤਾਬਕ ਜਹਾਜ਼ ਅਸਮਾਨ ਤੋਂ ਤੇਜ਼ੀ ਨਾਲ ਹੇਠਾਂ ਡਿੱਗਿਆ ਅਤੇ ਮਿਲਟਰੀ ਟ੍ਰੇਲ ਸੜਕ ‘ਤੇ ਟਕਰਾਉਂਦੇ ਹੀ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਵਿੱਚ ਸਵਾਰ ਸਾਰੇ 9 ਲੋਕਾਂ ਦੀ ਮੌਤ ਹੋ ਗਈ। ਟੱਕਰ ਕਾਰਨ ਸੜਕ ‘ਤੇ ਵੱਡਾ ਟੋਆ ਪੈ ਗਿਆ ਅਤੇ ਇਲਾਕੇ ਵਿੱਚ ਧੂੰਏਂ ਦਾ ਸੰਘਣਾ ਗੁਬਾਰ ਫੈਲ ਗਿਆ। ਹਾਲਾਂਕਿ ਨੇੜਲੇ ਘਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਟੈਕਸਾਸ ਦੇ ਆਸਟਿਨ ਤੋਂ ਬਹਾਮਾਸ ਜਾ ਰਿਹਾ ਸੀ। ਅਮਰੀਕੀ ਆਵਾਜਾਈ ਵਿਭਾਗ ਅਤੇ FAA ਵੱਲੋਂ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ। ਫਿਲਹਾਲ FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਹੈ।