Pakistan ਦੇ ਮਹਿਲਾ ਸ਼ੈਲਟਰ ਹੋਮ ਤੋਂ ਰਿਹਾਈ ਮਗਰੋਂ ਸਰਬਜੀਤ ਕੌਰ ਉਰਫ ਨੂਰ ਹੁਸੈਨ ਪਤੀ ਦੇ ਘਰ ਵਾਪਸ

ਨਿਊਜ਼ ਪੰਜਾਬ

13 ਫ਼ਰਵਰੀ 2026

ਭਾਰਤ ਤੋਂ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ, ਜਿਸਨੇ ਧਰਮ ਪਰਿਵਰਤਨ ਤੋਂ ਬਾਅਦ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ ਹੈ, ਹੁਣ ਸ਼ੇਖੂਪੁਰਾ ਸਥਿਤ ਆਪਣੇ ਪਤੀ ਦੇ ਘਰ ਵਾਪਸ ਆ ਗਈ ਹੈ। ਲਾਹੌਰ ਦੇ ਸ਼ੈਲਟਰ ਹੋਮ ਤੋਂ ਰਿਹਾਈ ਮਗਰੋਂ ਉਸਨੂੰ ਸੰਬੰਧਤ ਅਧਿਕਾਰੀਆਂ ਵੱਲੋਂ ਪਤੀ ਨਾਲ ਰਹਿਣ ਦੀ ਇਜਾਜ਼ਤ ਮਿਲ ਗਈ ਹੈ।

ਉਸਦੇ ਵਕੀਲ Ahmed Hassan Pasha ਦੇ ਅਨੁਸਾਰ ਸਾਰੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਸਨੂੰ ਘਰ ਜਾਣ ਦੀ ਮਨਜ਼ੂਰੀ ਦਿੱਤੀ ਗਈ। ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਨੇ ਕਿਹਾ ਕਿ ਉਹ ਅਤੇ ਉਸਦਾ ਪਤੀ ਪਿਛਲੇ ਅੱਠ ਸਾਲਾਂ ਤੋਂ ਰਿਸ਼ਤੇ ਵਿੱਚ ਹਨ ਅਤੇ ਇਹ ਫ਼ੈਸਲਾ ਉਸਨੇ ਆਪਣੀ ਮਰਜ਼ੀ ਨਾਲ, ਸੋਚ-ਵਿਚਾਰ ਕੇ ਲਿਆ ਹੈ। ਉਸਦਾ ਕਹਿਣਾ ਸੀ ਕਿ ਸੱਚਾ ਪਿਆਰ ਦੋ ਲੋਕਾਂ ਨੂੰ ਇਕੱਠਾ ਕਰਦਾ ਹੈ ਅਤੇ ਹੁਣ ਉਹ ਆਪਣੀ ਬਾਕੀ ਜ਼ਿੰਦਗੀ ਪਾਕਿਸਤਾਨ ਵਿੱਚ ਹੀ ਬਿਤਾਉਣਾ ਚਾਹੁੰਦੀ ਹੈ। ਇਸ ਮੌਕੇ ਉਸਦਾ ਪਤੀ ਨਾਸਿਰ ਹੁਸੈਨ ਵੀ ਮੌਜੂਦ ਸੀ ਅਤੇ ਉਸਨੇ ਖੁਸ਼ੀ ਜਤਾਈ।

ਪਿਛਲੇ ਕੁਝ ਹਫ਼ਤਿਆਂ ਤੋਂ ਇਹ ਅਟਕਲਾਂ ਲੱਗ ਰਹੀਆਂ ਸਨ ਕਿ ਉਸਨੂੰ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਦਰਮਿਆਨ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਕਥਿਤ ਤੌਰ ‘ਤੇ ਉਹ ਭਾਰਤ ਵਾਪਸੀ ਦੀ ਗੱਲ ਕਰ ਰਹੀ ਸੀ, ਪਰ ਉਸਦੀ ਸਚਾਈ ਸਪਸ਼ਟ ਨਹੀਂ ਹੋ ਸਕੀ ਸੀ। ਤਾਜ਼ਾ ਬਿਆਨਾਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਉਹ ਪਾਕਿਸਤਾਨ ਵਿੱਚ ਹੀ ਰਹਿਣ ਦਾ ਮਨ ਬਣਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਨਵੰਬਰ 2025 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰੀਬ 1,900 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ। 10 ਦਿਨਾਂ ਦੇ ਦੌਰੇ ਮਗਰੋਂ ਜਥਾ 13 ਨਵੰਬਰ ਨੂੰ ਭਾਰਤ ਵਾਪਸ ਆ ਗਿਆ ਸੀ, ਪਰ ਉਹ ਉਨ੍ਹਾਂ ਦੇ ਨਾਲ ਪਰਤੀ ਨਹੀਂ ਸੀ। ਇਸ ਤੋਂ ਬਾਅਦ ਉਸਦੀ ਸਥਿਤੀ ਨੂੰ ਲੈ ਕੇ ਵੱਖ-ਵੱਖ ਅਨੁਮਾਨ ਲਗਾਏ ਜਾ ਰਹੇ ਸਨ।

ਅਧਿਕਾਰਿਕ ਪੱਖੋਂ ਹਾਲੇ ਤੱਕ ਵਿਸਥਾਰਪੂਰਵਕ ਬਿਆਨ ਸਾਹਮਣੇ ਨਹੀਂ ਆਇਆ, ਪਰ ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ ਉਸਨੂੰ ਆਪਣੇ ਪਤੀ ਨਾਲ ਰਹਿਣ ਦੀ ਇਜਾਜ਼ਤ ਮਿਲ ਚੁੱਕੀ ਹੈ।