ਇੰਡੀਗੋ ਫਲਾਈਟ ‘ਚ ਪਾਵਰ ਬੈਂਕ ਬਲਾਸਟ ਹੋਣ ਕਾਰਨ ਲੱਗੀ ਅੱਗ, ਹੈਦਰਾਬਾਦ ‘ਚ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਨਿਊਜ਼ ਪੰਜਾਬ

12 ਅਕਤੂਬਰ,2026

ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਦੀ ਫਲਾਈਟ ਵਿੱਚ ਪਾਵਰ ਬੈਂਕ ਫਟਣ ਕਾਰਨ ਯਾਤਰੀ ਦੇ ਬੈਗ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਜਹਾਜ਼ ਦੀ ਹੈਦਰਾਬਾਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਾਣਕਾਰੀ ਮੁਤਾਬਕ, ਬੈਗ ਵਿੱਚੋਂ ਧੂੰਆਂ ਨਿਕਲਦਾ ਦੇਖ ਯਾਤਰੀਆਂ ਨੇ ਤੁਰੰਤ ਕੈਬਿਨ ਕਰੂ ਨੂੰ ਸੂਚਿਤ ਕੀਤਾ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਕੈਬਿਨ ਕਰੂ ਨੇ ਅੱਗ ‘ਤੇ ਕਾਬੂ ਪਾਇਆ, ਜਦਕਿ ਪਾਇਲਟਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਨੂੰ ਹੈਦਰਾਬਾਦ ਵੱਲ ਡਾਇਵਰਟ ਕਰ ਦਿੱਤਾ। ਘਟਨਾ ਦੌਰਾਨ ਜਹਾਜ਼ ਵਿੱਚ ਮੌਜੂਦ ਯਾਤਰੀਆਂ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ਵਿੱਚ ਕੁਝ ਯਾਤਰੀਆਂ ਨੂੰ ‘ਫਾਇਰ-ਫਾਇਰ’ ਕਹਿੰਦੇ ਸੁਣਿਆ ਜਾ ਸਕਦਾ ਹੈ, ਜਦਕਿ ਹੋਰ ਯਾਤਰੀ ਓਵਰਹੈੱਡ ਬਿਨ ਵਿੱਚੋਂ ਆਪਣਾ ਸਾਮਾਨ ਕੱਢਦੇ ਦਿਖਾਈ ਦੇ ਰਹੇ ਹਨ। ਇੰਡੀਗੋ ਏਅਰਲਾਈਨ ਨੇ ਦੱਸਿਆ ਕਿ ਸਥਿਤੀ ਨੂੰ ਕਾਬੂ ਵਿੱਚ ਕਰਨ ਤੋਂ ਬਾਅਦ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਚੇਨਈ ਤੱਕ ਪਹੁੰਚਾਉਣ ਲਈ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ।