ਨਿਊਜ਼ ਪੰਜਾਬ
31 ਦਸੰਬਰ 2025
ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ NCR ਦੇ ਸ਼ਹਿਰਾਂ ਵਿੱਚ ਸਾਲ ਦੇ ਆਖਰੀ ਦਿਨ ਯਾਨੀ ਬੁੱਧਵਾਰ ਨੂੰ ਵੀ ਲੋਕਾਂ ਦੀ ਸਵੇਰ ਸੰਘਣੀ ਧੁੰਦ ਨਾਲ ਹੋਈ। ਸੰਘਣੀ ਧੁੰਦ ਕਾਰਨ ਸੜਕਾਂ ਅਤੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ (ਦਿੱਖ) ਜ਼ੀਰੋ ਰਹੀ, ਜਿਸ ਕਾਰਨ ਹਰ ਤਰ੍ਹਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਸੰਘਣੀ ਧੁੰਦ ਕਾਰਨ , ਅੱਜ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ( IGI) ਹਵਾਈ ਅੱਡੇ ‘ਤੇ ਕੁੱਲ 148 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 150 ਤੋਂ ਵੱਧ ਦੇਰੀ ਨਾਲ ਉਡਾਣ ਭਰੀਆਂ । ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੜਾਕੇ ਦੀ ਠੰਢ ਦੇ ਨਾਲ-ਨਾਲ, ਰਾਜਧਾਨੀ ਦੇ ਲੋਕ ਪ੍ਰਦੂਸ਼ਣ ਦਾ ਵੀ ਸਾਹਮਣਾ ਕਰ ਰਹੇ ਹਨ। ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਅੱਜ ਬਹੁਤ ਮਾੜੀ ਰਹੀ। ਅੱਜ ਸਵੇਰੇ, ਦਿੱਲੀ ਦਾ ਔਸਤ AQI 384 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ।
ਦੱਸ ਦੇਈਏ ਕਿ NCR ਵਿੱਚ ਸੰਘਣੀ ਧੁੰਦ ਕਾਰਨ ਜਿੱਥੇ ਰੇਲ ਸੰਚਾਲਨ ‘ਤੇ ਅਸਰ ਪਿਆ ਹੈ, ਉੱਥੇ ਹੀ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਇੰਨਾ ਹੀ ਨਹੀਂ, ਧੁੰਦ ਜ਼ਿਆਦਾ ਹੋਣ ਕਾਰਨ ਹਾਈਵੇਅ ‘ਤੇ ਵਾਹਨ ਵੀ ਰੇਂਗਦੇ ਨਜ਼ਰ ਆਏ।
ਦੂਜੇ ਪਾਸੇ ਦਿੱਲੀ ਏਅਰਪੋਰਟ ਨੇ ਮੁਸਾਫ਼ਰਾਂ ਲਈ ਐਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ। ਅੱਜ 148 ਫਲਾਈਟਾਂ ਰੱਦ ਹੋ ਗਈਆਂ, ਜਦਕਿ 150 ਤੋਂ ਵੱਧ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨਾਂ ‘ਤੇ ਯਾਤਰੀ ਆਪਣੀਆਂ ਨਿਰਧਾਰਤ ਟ੍ਰੇਨਾਂ ਦੀ ਉਡੀਕ ਕਰ ਰਹੇ ਹਨ, ਕਿਉਂਕਿ ਘੱਟ ਵਿਜ਼ੀਬਿਲਟੀ ਕਾਰਨ ਕਈ ਟ੍ਰੇਨਾਂ ਲੇਟ ਹੋ ਰਹੀਆਂ ਹਨ।
