ਨਿਊਜ਼ ਪੰਜਾਬ
7 ਅਕਤੂਬਰ,2026
ਭਾਰਤੀ ਰਿਜ਼ਰਵ ਬੈਂਕ (RBI) ਦੀ ਤਿੰਨ ਦਿਨਾਂ MPC ਮੀਟਿੰਗ ਦੇ ਨਤੀਜੇ ਸਾਹਮਣੇ ਆ ਗਏ ਹਨ। RBI ਨੇ ਕਰਜ਼ਦਾਰਾਂ ਨੂੰ ਝਟਕਾ ਦਿੰਦਿਆਂ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਦਾ ਵਾਧਾ ਕਰ ਦਿੱਤਾ ਹੈ। ਰੈਪੋ ਰੇਟ ਹੁਣ 5.25 ਫੀਸਦੀ ਤੋਂ ਵਧ ਕੇ 5.50 ਫੀਸਦੀ ਹੋ ਗਿਆ ਹੈ। ਕਰੀਬ ਚਾਰ ਸਾਲਾਂ ਬਾਅਦ ਰੈਪੋ ਰੇਟ ਵਿੱਚ ਇਹ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ SDF ਰੇਟ 5.25 ਫੀਸਦੀ ਅਤੇ MSF ਰੇਟ 5.75 ਫੀਸਦੀ ਕਰ ਦਿੱਤਾ ਗਿਆ ਹੈ। RBI ਦੇ ਇਸ ਫੈਸਲੇ ਦਾ ਸਿੱਧਾ ਅਸਰ ਬੈਂਕਾਂ ਦੀਆਂ ਕਰਜ਼ ਦਰਾਂ ’ਤੇ ਪੈ ਸਕਦਾ ਹੈ, ਜਿਸ ਕਾਰਨ ਹੋਮ ਲੋਨ, ਕਾਰ ਲੋਨ ਅਤੇ ਹੋਰ ਲੋਨਾਂ ਦੀ EMI ਵਧਣ ਦੀ ਸੰਭਾਵਨਾ ਹੈ।
RBI ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਵਧਦੀ ਮਹਿੰਗਾਈ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਪੱਛਮੀ ਏਸ਼ੀਆ ਦੇ ਤਣਾਅ ਕਾਰਨ ਆਰਥਿਕ ਅਨਿਸ਼ਚਿਤਤਾ ਵਧੀ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਕੇਂਦਰੀ ਬੈਂਕ ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਰੈਪੋ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਰੈਪੋ ਰੇਟ ਵਧਣ ਨਾਲ ਬੈਂਕਾਂ ਲਈ RBI ਤੋਂ ਪੈਸਾ ਉਧਾਰ ਲੈਣਾ ਮਹਿੰਗਾ ਹੋ ਜਾਂਦਾ ਹੈ ਅਤੇ ਇਸ ਦਾ ਬੋਝ ਗਾਹਕਾਂ ਦੇ ਲੋਨਾਂ ’ਤੇ ਪੈ ਸਕਦਾ ਹੈ। ਇਸ ਤੋਂ ਇਲਾਵਾ RBI ਨੇ ਮਹਿੰਗਾਈ ਅਤੇ GDP ਨਾਲ ਜੁੜੇ ਆਪਣੇ ਅਨੁਮਾਨਾਂ ਵਿੱਚ ਵੀ ਬਦਲਾਅ ਕੀਤਾ ਹੈ।
