ਨਿਊਜ਼ ਪੰਜਾਬ
3 ਜੁਲਾਈ 2026
ਤੇਲੰਗਾਨਾ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਐਂਟੀ ਕਰਪਸ਼ਨ ਬਿਊਰੋ (ACB) ਨੇ ਇੱਕ ਡੀਐਸਪੀ ਦੇ 16 ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ACB ਦੇ ਮੁਤਾਬਕ ਡੀਐਸਪੀ ਸੰਕੀਰੈਡੀ ਭੀਮ ਰੈਡੀ ਕੋਲੋਂ ਲਗਭਗ 200 ਕਰੋੜ ਰੁਪਏ ਮੁੱਲ ਦੀ ਜਾਇਦਾਦ, ਸੋਨੇ-ਚਾਂਦੀ ਦੇ ਗਹਿਣੇ, ਨਕਦੀ ਅਤੇ ਹੋਰ ਕੀਮਤੀ ਸੰਪਤੀਆਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਹੋਏ ਹਨ। ਜਾਂਚ ਦੌਰਾਨ ਤੇਲੰਗਾਨਾ ਅਤੇ ਕਰਨਾਟਕ ਵਿੱਚ ਵਿਲਾ, ਪੈਂਟਹਾਊਸ, ਫਲੈਟ, ਵਪਾਰਕ ਜਾਇਦਾਦਾਂ, ਖੇਤੀਬਾੜੀ ਜ਼ਮੀਨਾਂ, ਕਈ ਪਲਾਟ ਅਤੇ ਇੱਕ ਰੇਤ ਮਾਈਨਿੰਗ ਕੰਪਨੀ ਵਿੱਚ ਨਿਵੇਸ਼ ਦੇ ਸਬੂਤ ਵੀ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਲੱਖਾਂ ਰੁਪਏ ਦੀ ਨਕਦੀ, ਕਰੀਬ ਦੋ ਕਿਲੋ ਸੋਨੇ ਦੇ ਗਹਿਣੇ, ਲਗਭਗ 20 ਕਿਲੋ ਚਾਂਦੀ ਅਤੇ ਬੈਂਕ ਖਾਤਿਆਂ ਵਿੱਚ ਮੌਜੂਦ ਰਕਮ ਵੀ ਜ਼ਬਤ ਕੀਤੀ ਗਈ ਹੈ। ACB ਦਾ ਦਾਅਵਾ ਹੈ ਕਿ ਇਹ ਸੰਪਤੀ ਡੀਐਸਪੀ ਨੇ ਆਪਣੀ ਨੌਕਰੀ ਦੌਰਾਨ ਭ੍ਰਿਸ਼ਟਾਚਾਰ ਅਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਇਕੱਠੀ ਕੀਤੀ। ਛਾਪੇਮਾਰੀ ਦੌਰਾਨ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ, ਜਿਸ ਤੋਂ ਬਾਅਦ ਮਾਮਲਾ ਆਬਕਾਰੀ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ACB ਵੱਲੋਂ ਅਜੇ ਵੀ ਹੋਰ ਜਾਇਦਾਦਾਂ ਦੀ ਜਾਂਚ ਅਤੇ ਤਸਦੀਕ ਕੀਤੀ ਜਾ ਰਹੀ ਹੈ, ਜਿਸ ਨਾਲ ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
