ਗੁਰਦਾਸਪੁਰ ‘ਚ ਬਿਨਾਂ ਨੰਬਰ ਪਲੇਟ ਵਾਲੀ ਕਾਰ ‘ਚੋਂ ₹62 ਲੱਖ ਦੀ ਨਕਦੀ ਬਰਾਮਦ, ਗੁਜਰਾਤ ਦੇ 2 ਨੌਜਵਾਨ ਕਾਬੂ

ਨਿਊਜ਼ ਪੰਜਾਬ

3 ਜੁਲਾਈ,2026

ਗੁਰਦਾਸਪੁਰ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਨਾਕਾਬੰਦੀ ਦੌਰਾਨ ਵੱਡੀ ਕਾਰਵਾਈ ਕਰਦਿਆਂ ਬਿਨਾਂ ਨੰਬਰ ਪਲੇਟ ਵਾਲੀ ਇੱਕ ਕ੍ਰੇਟਾ ਕਾਰ ਵਿੱਚੋਂ ₹62 ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਗੁਜਰਾਤ ਦੇ ਅਹਿਮਦਾਬਾਦ ਨਾਲ ਸਬੰਧਤ 20 ਸਾਲ ਤੋਂ ਘੱਟ ਉਮਰ ਦੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਬਾਬਰੀ ਨਾਕਾ ‘ਤੇ ਜਾਂਚ ਦੌਰਾਨ ਜਦੋਂ ਕਾਰ ਨੂੰ ਰੋਕਿਆ ਗਿਆ ਤਾਂ ਨੌਜਵਾਨ ਵਾਹਨ ਦੇ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ।

ਤਲਾਸ਼ੀ ਦੌਰਾਨ ਕਾਰ ਵਿੱਚੋਂ ਭਾਰੀ ਮਾਤਰਾ ਵਿੱਚ ਨਕਦੀ ਮਿਲੀ, ਜਿਸ ਤੋਂ ਬਾਅਦ ਦੋਵਾਂ ਨੂੰ ਨਕਦੀ ਸਮੇਤ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ। ਮੁੱਢਲੀ ਪੁੱਛਗਿੱਛ ਵਿੱਚ ਨੌਜਵਾਨਾਂ ਨੇ ਦੱਸਿਆ ਕਿ ਉਹ ਸ੍ਰੀਨਗਰ ਜਾ ਰਹੇ ਸਨ, ਪਰ ਇੰਨੀ ਵੱਡੀ ਰਕਮ ਦਾ ਸਰੋਤ ਅਤੇ ਇਸ ਦੀ ਵਰਤੋਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦੇ ਸਕੇ। ਹੁਣ ਆਮਦਨ ਕਰ ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਇਹ ਰਕਮ ਕਿੱਥੋਂ ਆਈ, ਕਿਸ ਮਕਸਦ ਲਈ ਲਿਜਾਈ ਜਾ ਰਹੀ ਸੀ ਅਤੇ ਕੀ ਇਸ ਦੇ ਪਿੱਛੇ ਕੋਈ ਗੈਰ-ਕਾਨੂੰਨੀ ਗਤੀਵਿਧੀ ਤਾਂ ਨਹੀਂ।