ਨਿਊਜ਼ ਪੰਜਾਬ
5 ਅਕਤੂਬਰ,2026
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕੇਂਦਰੀ ਖੇਤਰ ਅਧੀਨ ਆਉਣ ਵਾਲੇ ਕਰਮਚਾਰੀਆਂ ਅਤੇ ਮਜ਼ਦੂਰਾਂ ਨੂੰ ਰਾਹਤ ਦਿੱਤੀ ਹੈ। ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ 1 ਅਕਤੂਬਰ 2026 ਤੋਂ Variable Dearness Allowance (VDA) ਵਿੱਚ ਸੋਧ ਕਰਦਿਆਂ ਘੱਟੋ-ਘੱਟ ਮਜ਼ਦੂਰੀ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ। ਇਹ ਸੋਧ ਉਦਯੋਗਿਕ ਕਾਮਿਆਂ ਦੇ Consumer Price Index (CPI-IW) ਵਿੱਚ ਹੋਏ ਬਦਲਾਅ ਦੇ ਆਧਾਰ ’ਤੇ ਕੀਤੀ ਗਈ ਹੈ। ਕਨਸਟਰਕਸ਼ਨ ਅਤੇ ਮੇਨਟੇਨੈਂਸ ਨਾਲ ਜੁੜੇ ਮਜ਼ਦੂਰਾਂ ਲਈ ਘੱਟੋ-ਘੱਟ ਮਜ਼ਦੂਰੀ ₹840 ਪ੍ਰਤੀ ਦਿਨ ਤੱਕ ਕੀਤੀ ਗਈ ਹੈ, ਜਦਕਿ ਖੇਤੀਬਾੜੀ ਮਜ਼ਦੂਰਾਂ ਦੀਆਂ ਦਰਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। VDA ਦਾ ਮੁੱਖ ਉਦੇਸ਼ ਮਹਿੰਗਾਈ ਦੇ ਵਧਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਮਜ਼ਦੂਰਾਂ ਦੀ ਘੱਟੋ-ਘੱਟ ਮਜ਼ਦੂਰੀ ਦੀ ਖਰੀਦ ਸ਼ਕਤੀ ਨੂੰ ਬਣਾਈ ਰੱਖਣਾ ਹੈ।
