ਨਿਊਜ਼ ਪੰਜਾਬ
5 ਅਕਤੂਬਰ,2026
ਪੰਜਾਬ ਕੈਬਨਿਟ ਦੀ ਸੋਮਵਾਰ ਨੂੰ ਹੋਈ ਅਹਿਮ ਮੀਟਿੰਗ ਵਿੱਚ ਸੂਬੇ ਨਾਲ ਸਬੰਧਤ ਕਈ ਮਹੱਤਵਪੂਰਨ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕੈਬਨਿਟ ਵੱਲੋਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨਾਲ ਸਬੰਧਤ ਨਵੀਆਂ ਅਸਾਮੀਆਂ ਦੀ ਰਚਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਨਰਸਿੰਗ ਐਜੂਕੇਸ਼ਨ ਸਰਵਿਸ ਰੂਲਜ਼-2016 ਵਿੱਚ ਲੋੜੀਂਦੀ ਸੋਧ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਸਰਕਾਰ ਮੁਤਾਬਕ 2021 ਵਿੱਚ ਨਵਾਂ ਵਿਭਾਗ ਬਣਨ ਤੋਂ ਬਾਅਦ ਨਿਯਮਾਂ ਵਿੱਚ ਲੋੜੀਂਦੀਆਂ ਤਬਦੀਲੀਆਂ ਨਹੀਂ ਹੋ ਸਕੀਆਂ ਸਨ ਅਤੇ ਇਸ ਦੌਰਾਨ ਕਰੀਬ 1400 ਸਟਾਫ ਨਰਸਾਂ ਦੀ ਭਰਤੀ ਵੀ ਕੀਤੀ ਗਈ ਸੀ। ਹੁਣ ਸੋਧੇ ਹੋਏ ਨਿਯਮ ਨਰਸਿੰਗ ਵਿਭਾਗ ’ਤੇ ਲਾਗੂ ਹੋਣਗੇ। ਇਸ ਤੋਂ ਇਲਾਵਾ PICTS ਵਿੱਚ ਠੇਕੇ ’ਤੇ ਕੰਮ ਕਰ ਰਹੇ ਨਾਨ-ਟੀਚਿੰਗ ਮੁਲਾਜ਼ਮਾਂ ਨੂੰ ਸੁਸਾਇਟੀ ਦੇ ਦਾਇਰੇ ਵਿੱਚ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ। ਕੈਬਨਿਟ ਨੇ ਪਠਾਨਕੋਟ ਖੇਤਰ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਿਟੀ ਦੇ ਗਠਨ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਅਥਾਰਿਟੀ ਰਾਹੀਂ ਰਣਜੀਤ ਸਾਗਰ ਡੈਮ ਅਤੇ ਆਸ-ਪਾਸ ਦੇ ਕੁਦਰਤੀ ਸਥਾਨਾਂ ਨੂੰ ਵਿਕਸਿਤ ਕਰਕੇ ਪਠਾਨਕੋਟ ਨੂੰ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਆਕਰਸ਼ਕ ਸੈਰ-ਸਪਾਟਾ ਕੇਂਦਰ ਬਣਾਉਣ ਦੀ ਯੋਜਨਾ ਹੈ। ਨਵੀਂ ਅਥਾਰਿਟੀ ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ, ਜਦਕਿ ਸਬੰਧਤ ਵਿਭਾਗ ਦੇ ਮੰਤਰੀ ਵਾਈਸ ਚੇਅਰਮੈਨ ਵਜੋਂ ਕੰਮ ਕਰਨਗੇ।
