ਰਾਏਗੜ੍ਹ ਦੇ ਦਿਵੇਗਰ ਬੀਚ ’ਤੇ ਵੱਡਾ ਹਾਦਸਾ, ਪੁਣੇ ਤੋਂ ਪਿਕਨਿਕ ਮਨਾਉਣ ਆਏ 8 ਵਿਦਿਆਰਥੀਆਂ ਦੀ ਸਮੁੰਦਰ ’ਚ ਡੁੱਬਣ ਨਾਲ ਮੌਤ

ਨਿਊਜ਼ ਪੰਜਾਬ

1 ਅਕਤੂਬਰ,2026

ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਦਿਵੇਗਰ ਬੀਚ ’ਤੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਪੁਣੇ ਦੇ ਅਲਾਂਦੀ ਤੋਂ ਪਿਕਨਿਕ ਲਈ ਆਏ 8 ਵਿਦਿਆਰਥੀਆਂ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਲਾਂਦੀ ਸਥਿਤ ‘ਵਿਨਰਜ਼ ਅਕੈਡਮੀ ਫਾਰ 11ਵੀਂ ਅਤੇ 12ਵੀਂ’ ਦੇ 48 ਵਿਦਿਆਰਥੀਆਂ ਅਤੇ 6 ਅਧਿਆਪਕਾਂ ਦਾ ਸਮੂਹ ਦਿਵੇਗਰ ਦੇ ਦੀਘੀ ਸਾਗਰ ਇਲਾਕੇ ਵਿੱਚ ਯਾਤਰਾ ਲਈ ਪਹੁੰਚਿਆ ਸੀ। ਸਮੂਹ ਵਿੱਚ 25 ਮੁੰਡੇ ਅਤੇ 17 ਕੁੜੀਆਂ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਕੁਝ ਵਿਦਿਆਰਥੀ ਸਮੁੰਦਰ ਵਿੱਚ ਤੈਰਨ ਲਈ ਗਏ, ਪਰ ਤੇਜ਼ ਲਹਿਰਾਂ ਅਤੇ ਪਾਣੀ ਦੀ ਡੂੰਘਾਈ ਕਾਰਨ ਉਹ ਪਾਣੀ ਦੇ ਵਹਾਅ ਵਿੱਚ ਵਹਿ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਨਿਵਾਸੀਆਂ, ਵਾਟਰ ਸਪੋਰਟਸ ਟੀਮ, ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਤੁਰੰਤ ਬਚਾਅ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਬਾਅਦ ਵਿੱਚ ਸਾਰੇ 8 ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਮ੍ਰਿਤਕਾਂ ਦੀ ਪਛਾਣ ਤਨਮਯ ਦੱਤਾਤ੍ਰੇਯ ਵਹਿਲੇ, ਸੁਮਿਤ ਭਰਤ ਅਹੀਰੇ, ਪ੍ਰਣਵ ਰਾਮਦਾਸ ਬੰਸੋਡੇ, ਕੈਵਲਯ ਸਤੀਸ਼ ਵਾਸੰਕਰ, ਰਾਜਵੀਰ ਯੁਵਰਾਜ ਵਹਿਲੇ, ਯਸ਼ ਕਿਰਨ ਵਾਨਖੇੜੇ, ਸੋਹਮ ਤੁਕਾਰਮ ਭੰਡਾਵਲਕਰ ਅਤੇ ਕੌਸਤੁਭ ਸੰਦੀਪ ਦੌਂਡ ਵਜੋਂ ਹੋਈ ਹੈ। ਸਾਰੇ ਵਿਦਿਆਰਥੀ 16 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ। ਇਸ ਹਾਦਸੇ ਤੋਂ ਬਾਅਦ ਵਿਦਿਆਰਥੀਆਂ ਦੇ ਪਰਿਵਾਰਾਂ ਵਿੱਚ ਮਾਤਮ ਛਾ ਗਿਆ ਹੈ, ਜਦਕਿ ਸਥਾਨਕ ਲੋਕਾਂ ਨੇ ਸਮੁੰਦਰ ਵਿੱਚ ਉਤਰਦੇ ਸਮੇਂ ਲਹਿਰਾਂ, ਪਾਣੀ ਦੀ ਡੂੰਘਾਈ ਅਤੇ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਣ ਦੀ ਅਪੀਲ ਕੀਤੀ ਹੈ।