ਰਾਜਾ ਵੜਿੰਗ ਨੇ ਛੱਡੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ! ਸੋਸ਼ਲ ਮੀਡੀਆ ’ਤੇ ‘ਸਾਬਕਾ ਪ੍ਰਧਾਨ’ ਲਿਖ ਕੇ ਦਿੱਤਾ ਸੰਕੇਤ

ਨਿਊਜ਼ ਪੰਜਾਬ

1 ਅਕਤੂਬਰ 2026

ਪੰਜਾਬ ਕਾਂਗਰਸ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਲੀਡਰਸ਼ਿਪ ਤਬਦੀਲੀ ਦੀਆਂ ਚਰਚਾਵਾਂ ਹੁਣ ਸਪੱਸ਼ਟ ਹੋ ਗਈਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਅਸਤੀਫ਼ੇ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਸਿੱਧਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਕੁਝ ਮਾਮਲੇ ਅੰਦਰੂਨੀ ਹਨ ਅਤੇ ਸਹੀ ਸਮਾਂ ਆਉਣ ’ਤੇ ਉਹ ਇਸ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਦੀ ਬਾਇਓ ਵਿੱਚ ਆਪਣੇ ਨਾਮ ਦੇ ਨਾਲ ‘ਸਾਬਕਾ ਪੰਜਾਬ ਕਾਂਗਰਸ ਪ੍ਰਧਾਨ’ ਲਿਖ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਅਹੁਦਾ ਛੱਡਣ ਦੀਆਂ ਚਰਚਾਵਾਂ ਹੋਰ ਤੇਜ਼ ਹੋ ਗਈਆਂ। ਹਾਲਾਂਕਿ ਬਾਅਦ ਵਿੱਚ ਇਹ ਸ਼ਬਦ ਹਟਾ ਦਿੱਤੇ ਗਏ, ਪਰ ਪਾਰਟੀ ਸੂਤਰਾਂ ਵੱਲੋਂ ਅਸਤੀਫ਼ੇ ਦੀ ਪੁਸ਼ਟੀ ਕੀਤੀ ਗਈ ਹੈ।

ਰਾਜਾ ਵੜਿੰਗ ਦਾ ਅਸਤੀਫ਼ਾ ਪੰਜਾਬ ਕਾਂਗਰਸ ਵਿੱਚ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਦੇ ਦੌਰਾਨ ਸਾਹਮਣੇ ਆਇਆ ਹੈ। ਪਾਰਟੀ ਹਾਈਕਮਾਂਡ ਵੱਲੋਂ ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਰਿਪੋਰਟਾਂ ਮੁਤਾਬਕ ਅਗਲੇ 24 ਤੋਂ 48 ਘੰਟਿਆਂ ਵਿੱਚ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਹੋ ਸਕਦਾ ਹੈ। ਇਹ ਤਬਦੀਲੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੋ ਰਹੀ ਹੈ। ਨਵੇਂ ਪੰਜਾਬ ਇੰਚਾਰਜ ਸਚਿਨ ਪਾਇਲਟ ਵੱਲੋਂ ਸੂਬੇ ਦੇ ਕਾਂਗਰਸੀ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਅਤੇ ਸੰਗਠਨ ਬਾਰੇ ਮਿਲੇ ਫੀਡਬੈਕ ਤੋਂ ਬਾਅਦ ਹਾਈਕਮਾਂਡ ਵੱਲੋਂ ਲੀਡਰਸ਼ਿਪ ਵਿੱਚ ਬਦਲਾਅ ਦਾ ਫ਼ੈਸਲਾ ਲਏ ਜਾਣ ਦੀਆਂ ਰਿਪੋਰਟਾਂ ਹਨ।

ਪੰਜਾਬ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਵੱਖ-ਵੱਖ ਆਗੂਆਂ ਅਤੇ ਧੜਿਆਂ ਵਿਚਕਾਰ ਮਤਭੇਦਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਹਾਈਕਮਾਂਡ ਹੁਣ ਅਜਿਹੇ ਆਗੂ ਦੀ ਚੋਣ ’ਤੇ ਵਿਚਾਰ ਕਰ ਰਹੀ ਹੈ ਜੋ ਸੂਬਾ ਇਕਾਈ ਨੂੰ ਸੰਗਠਿਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦੀ ਤਿਆਰੀ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੰਭਾਲ ਸਕੇ। ਨਵੇਂ ਪ੍ਰਧਾਨ ਲਈ ਕਈ ਸੀਨੀਅਰ ਆਗੂਆਂ ਦੇ ਨਾਮ ਚਰਚਾ ਵਿੱਚ ਹਨ, ਜਿਨ੍ਹਾਂ ਵਿੱਚ ਵਿਜੇ ਇੰਦਰ ਸਿੰਗਲਾ, ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਕੇ.ਪੀ. ਸਿੰਘ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਸਮੇਤ ਹੋਰ ਆਗੂਆਂ ਦੇ ਨਾਮ ਸ਼ਾਮਲ ਦੱਸੇ ਜਾ ਰਹੇ ਹਨ।