ਨਿਊਜ਼ ਪੰਜਾਬ
30 ਸਤੰਬਰ,2026
ਭਾਰਤੀ ਤੀਰਅੰਦਾਜ਼ਾਂ ਨੇ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ਵਿੱਚ ਇੱਕੋ ਦਿਨ ਦੋ ਸੋਨ ਤਗਮੇ ਪਾ ਦਿੱਤੇ। ਬੁੱਧਵਾਰ ਨੂੰ ਮਹਿਲਾ ਕੰਪਾਊਂਡ ਟੀਮ ਨੇ ਫਾਈਨਲ ਵਿੱਚ ਚੀਨ ਨੂੰ 238-234 ਦੇ ਸਕੋਰ ਨਾਲ ਹਰਾਕੇ ਸੋਨ ਤਗਮਾ ਜਿੱਤਿਆ। ਇਸ ਟੀਮ ਵਿੱਚ ਜੋਤੀ ਸੁਰੇਖਾ, ਚਿਕਿਤਾ ਤਾਨੀਪਤੀ ਅਤੇ ਪ੍ਰਿਤਿਕਾ ਪ੍ਰਦੀਪ ਸ਼ਾਮਲ ਸਨ। ਇਸ ਤੋਂ ਕਰੀਬ ਇੱਕ ਘੰਟੇ ਬਾਅਦ ਚਿਕਿਤਾ ਤਾਨੀਪਤੀ ਅਤੇ ਸਾਹਿਲ ਰਾਜੇਸ਼ ਜਾਧਵ ਦੀ ਜੋੜੀ ਨੇ ਮਿਕਸਡ ਟੀਮ ਫਾਈਨਲ ਵਿੱਚ ਟਾਈ-ਬ੍ਰੇਕ ਰਾਹੀਂ ਦੱਖਣੀ ਕੋਰੀਆ ਨੂੰ ਹਰਾ ਕੇ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ। ਇਸ ਜਿੱਤ ਨਾਲ ਚਿਕਿਤਾ ਨੇ ਇਨ੍ਹਾਂ ਏਸ਼ੀਆਈ ਖੇਡਾਂ ਵਿੱਚ ਆਪਣਾ ਦੂਜਾ ਸੋਨ ਤਗਮਾ ਹਾਸਲ ਕੀਤਾ। ਮਹਿਲਾ ਕੰਪਾਊਂਡ ਟੀਮ ਨੇ 238 ਅੰਕ ਹਾਸਲ ਕਰਕੇ ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕੀਤੀ, ਜੋ ਪਹਿਲਾਂ ਦੱਖਣੀ ਕੋਰੀਆ ਦੇ ਨਾਮ ਸੀ। ਇਸ ਦੇ ਨਾਲ ਭਾਰਤ ਦੇ ਸੋਨ ਤਗਮਿਆਂ ਦੀ ਗਿਣਤੀ 8 ਹੋ ਗਈ ਹੈ, ਜਦਕਿ ਕੁੱਲ ਤਗਮਿਆਂ ਦੀ ਗਿਣਤੀ 54 ਤੱਕ ਪਹੁੰਚ ਗਈ ਹੈ, ਜਿਸ ਵਿੱਚ 8 ਸੋਨ, 21 ਚਾਂਦੀ ਅਤੇ 25 ਕਾਂਸੀ ਦੇ ਤਗਮੇ ਸ਼ਾਮਲ ਹਨ।
