ਮੋਗਾ ’ਚ ਵਿਜੀਲੈਂਸ ਦੀ ਵੱਡੀ ਕਾਰਵਾਈ, SHO ਅਤੇ ਹੋਮ ਗਾਰਡ ਜਵਾਨ 50 ਹਜ਼ਾਰ ਰੁਪਏ ਰਿਸ਼ਵਤ ਮਾਮਲੇ ’ਚ ਕਾਬੂ

ਨਿਊਜ਼ ਪੰਜਾਬ

28 ਸਤੰਬਰ,2026

ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਮੋਗਾ ਵਿੱਚ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਬਿਊਰੋ ਨੇ ਥਾਣਾ ਕੋਟ ਈਸੇ ਖਾਂ ਵਿਖੇ ਤਾਇਨਾਤ SHO ਇੰਸਪੈਕਟਰ ਸੁਨੀਤਾ ਬਾਵਾ ਅਤੇ ਪੰਜਾਬ ਹੋਮ ਗਾਰਡ ਦੇ ਜਵਾਨ ਗੁਰਅਵਤਾਰ ਸਿੰਘ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਕਾਬੂ ਕੀਤਾ ਹੈ। ਵਿਜੀਲੈਂਸ ਮੁਤਾਬਕ ਇਹ ਕਾਰਵਾਈ ਪਿੰਡ ਨੂਰਪੁਰ ਹਕੀਮਾਂ ਦੇ ਇੱਕ ਨਿਵਾਸੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਗੁਰਅਵਤਾਰ ਸਿੰਘ ਵੱਲੋਂ ਉਸ ਤੋਂ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਰਕਮ ਨਾ ਦੇਣ ’ਤੇ ਉਸ ਨੂੰ ਥਾਣਾ ਕੋਟ ਈਸੇ ਖਾਂ ਵਿੱਚ ਪਹਿਲਾਂ ਤੋਂ ਦਰਜ ਇੱਕ ਮਾਮਲੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ। ਬਾਅਦ ਵਿੱਚ ਰਿਸ਼ਵਤ ਦੀ ਰਕਮ 80 ਹਜ਼ਾਰ ਰੁਪਏ ਕਰਨ ’ਤੇ ਸਹਿਮਤੀ ਬਣੀ।

ਵਿਜੀਲੈਂਸ ਅਨੁਸਾਰ ਗੁਰਅਵਤਾਰ ਸਿੰਘ ਪਹਿਲਾਂ ਹੀ 20 ਹਜ਼ਾਰ ਰੁਪਏ ਲੈ ਚੁੱਕਾ ਸੀ ਅਤੇ ਬਾਕੀ 60 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁੱਲ ਰਿਸ਼ਵਤ ਵਿੱਚੋਂ 50 ਹਜ਼ਾਰ ਰੁਪਏ SHO ਸੁਨੀਤਾ ਬਾਵਾ ਲਈ ਹੋਣ ਦਾ ਦੋਸ਼ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਰਿਸ਼ਵਤ ਦੇਣ ਦੀ ਬਜਾਏ ਵਿਜੀਲੈਂਸ ਬਿਊਰੋ ਦੀ ਫਿਰੋਜ਼ਪੁਰ ਰੇਂਜ ਨਾਲ ਸੰਪਰਕ ਕੀਤਾ। ਵਿਜੀਲੈਂਸ ਟੀਮ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਜਾਲ ਵਿਛਾਇਆ ਅਤੇ ਕਾਰਵਾਈ ਕਰਦਿਆਂ ਇੰਸਪੈਕਟਰ ਸੁਨੀਤਾ ਬਾਵਾ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਇਸ ਮਾਮਲੇ ਵਿੱਚ ਗੁਰਅਵਤਾਰ ਸਿੰਘ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ ਅਤੇ ਵਿਜੀਲੈਂਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।