‘ਖੇਡਾਂ ਵਤਨ ਪੰਜਾਬ ਦੀਆਂ-2026’: ਮੋਗਾ ’ਚ 28 ਸਤੰਬਰ ਤੋਂ ਖੇਡ ਮੁਕਾਬਲਿਆਂ ਦਾ ਆਗਾਜ਼

ਨਿਊਜ਼ ਪੰਜਾਬ

22 ਸਤੰਬਰ,2026

‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਮੋਗਾ ਵਿੱਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 28 ਸਤੰਬਰ ਤੋਂ 2 ਅਕਤੂਬਰ 2026 ਤੱਕ ਵੱਖ-ਵੱਖ ਨਿਰਧਾਰਤ ਖੇਡ ਮੈਦਾਨਾਂ ਅਤੇ ਸਥਾਨਾਂ ’ਤੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਜਸਪਿੰਦਰ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਵੱਖ-ਵੱਖ ਖੇਡਾਂ ਦੇ ਸਾਰੇ ਉਮਰ ਵਰਗਾਂ ਦੇ ਖਿਡਾਰੀ ਭਾਗ ਲੈਣਗੇ ਅਤੇ ਜ਼ਿਲ੍ਹਾ ਪੱਧਰ ’ਤੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕੀਤਾ ਜਾਵੇਗਾ।

ਖੇਡਾਂ ਦੇ ਸ਼ਡਿਊਲ ਤੇ ਸਥਾਨਾਂ ਦਾ ਵੇਰਵਾ ਦਿੰਦਿਆਂ ਉਹਨਾਂ ਦੱਸਿਆ ਕਿ ਫੁੱਟਬਾਲ, ਤੈਰਾਕੀ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ) ਅਤੇ ਆਰਚਰੀ( ਤਾਰਅੰਦਾਜੀ) ਦੇ ਲੜਕਿਆਂ ਦੇ ਮੁਕਾਬਲੇ ਐਸ.ਬੀ.ਆਰ.ਐੱਸ. ਗੁਰੁਕੁਲ, ਮਹਿਣਾ ਵਿਖੇ 28 ਤੋਂ 30 ਸਤੰਬਰ ਅਤੇ ਲੜਕੀਆਂ ਦੇ 1 ਤੋਂ 2 ਅਕਤੂਬਰ ਤੱਕ ਹੋਣਗੇ, ਜਦਕਿ ਫੁੱਟਬਾਲ ਅਤੇ ਵਾਲੀਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ 1 ਅਕਤੂਬਰ ਨੂੰ ਹੋਣਗੇ।

ਕਬੱਡੀ (ਸਰਕਲ) ਅਤੇ ਖੋ-ਖੋ ਦੇ ਲੜਕਿਆਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਣਾ ਅਤੇ ਜਗਤ ਸੇਵਕ ਪਬਲਿਕ ਸਕੂਲ ਮਹਿਣਾ ਵਿਖੇ 28 ਤੋਂ 30 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 1 ਤੋਂ 2 ਅਕਤੂਬਰ ਤੱਕ ਕਰਵਾਏ ਜਾਣਗੇ, ਜਦਕਿ ਖੋ-ਖੋ ਅੰਡਰ-17 ਲੜਕੀਆਂ ਦੇ ਮੁਕਾਬਲੇ 2 ਅਕਤੂਬਰ ਨੂੰ ਹੋਣਗੇ।

ਹਾਕੀ ਦੇ ਮੁਕਾਬਲੇ ਐਸਟਰੋਟਰਫ ਹਾਕੀ ਸਟੇਡੀਅਮ, ਢੁੱਡੀਕੇ ਵਿਖੇ ਲੜਕਿਆਂ ਦੇ ਮੁਕਾਬਲੇ 28 ਤੋਂ 30 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 1 ਤੋਂ 2 ਅਕਤੂਬਰ ਤੱਕ ਹੋਣਗੇ। ਐਥਲੈਟਿਕਸ ਅਤੇ ਬਾਸਕਟਬਾਲ ਦੇ ਮੁਕਾਬਲੇ ਗੁਰੂ ਨਾਨਕ ਕਾਲਜ, ਮੋਗਾ ਵਿਖੇ ਲੜਕਿਆਂ ਦੇ ਮੁਕਾਬਲੇ 28 ਤੋਂ 30 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 1 ਤੋਂ 2 ਅਕਤੂਬਰ ਤੱਕ ਹੋਣਗੇ।

ਉਹਨਾਂ ਦੱਸਿਆ ਕਿ ਬੈਡਮਿੰਟਨ ਦੇ ਮੁਕਾਬਲੇ ਉਲੰਪੀਅਨ ਬਲਬੀਰ ਸਿੰਘ ਇੰਡੋਰ ਸਟੇਡੀਅਮ, ਟਾਊਨ ਹਾਲ, ਮੋਗਾ ਵਿਖੇ ਲੜਕਿਆਂ ਲਈ 28 ਤੋਂ 30 ਸਤੰਬਰ ਅਤੇ ਲੜਕੀਆਂ ਲਈ 1 ਤੋਂ 2 ਅਕਤੂਬਰ ਤੱਕ ਹੋਣਗੇ।ਕੁਸ਼ਤੀ, ਕਬੱਡੀ ਨੈਸ਼ਨਲ, ਬਾਕਸਿੰਗ, ਪਾਵਰ ਲਿਫਟਿੰਗ, ਜੂਡੋ, ਗੱਤਕਾ ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ ਗੋਧੇਵਾਲਾ ਇੰਡੋਰ ਸਟੇਡੀਅਮ, ਮੋਗਾ ਵਿਖੇ ਲੜਕਿਆਂ ਦੇ ਮੁਕਾਬਲੇ 28 ਤੋਂ 30 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 1 ਤੋਂ 2 ਅਕਤੂਬਰ ਤੱਕ ਹੋਣਗੇ।

ਜੂਡੋ ਲੜਕਿਆਂ ਦੇ ਮੁਕਾਬਲੇ 30 ਸਤੰਬਰ, ਕੁਸ਼ਤੀ ਅੰਡਰ-21 ਲੜਕੇ/ਲੜਕੀਆਂ ਅਤੇ ਗਰੀਕੋ ਰੋਮਨ ਕੁਸ਼ਤੀ ਲੜਕਿਆਂ ਦੇ ਮੁਕਾਬਲੇ 1 ਅਕਤੂਬਰ ਨੂੰ ਅਤੇ ਕਬੱਡੀ ਨੈਸ਼ਨਲ ਅੰਡਰ-17 ਲੜਕਿਆਂ ਦੇ ਮੁਕਾਬਲੇ ਵੀ 1 ਅਕਤੂਬਰ ਨੂੰ ਹੋਣਗੇ। ਕਿੱਕ ਬਾਕਸਿੰਗ ਦੇ ਸਾਰੇ ਉਮਰ ਵਰਗਾਂ ਦੇ ਲੜਕੀਆਂ ਦੇ ਮੁਕਾਬਲੇ 1 ਅਕਤੂਬਰ ਅਤੇ ਲੜਕਿਆਂ ਦੇ ਮੁਕਾਬਲੇ 2 ਅਕਤੂਬਰ ਨੂੰ ਹੋਣਗੇ, ਜਦਕਿ ਰੋਲਰ ਸਕੇਟਿੰਗ ਦੇ ਲੜਕੇ ਅਤੇ ਲੜਕੀਆਂ ਦੇ ਸਾਰੇ ਉਮਰ ਵਰਗਾਂ ਦੇ ਮੁਕਾਬਲੇ 3 ਅਕਤੂਬਰ ਨੂੰ ਕਰਵਾਏ ਜਾਣਗੇ।

ਹੈਂਡਬਾਲ, ਲਾਅਨ ਟੈਨਿਸ ਅਤੇ ਸ਼ੂਟਿੰਗ ਦੇ ਮੁਕਾਬਲੇ ਬਲੂਮਿੰਗ ਬਰਡ ਸਕੂਲ ਮੋਗਾ ਵਿਖੇ ਹੋਣਗੇ। ਟੇਬਲ ਟੈਨਿਸ ਅਤੇ ਚੈੱਸ ਦੇ ਮੁਕਾਬਲੇ ਡੀ.ਐਨ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਮੋਗਾ ਲੜਕਿਆਂ ਲਈ 28 ਤੋਂ 30 ਸਤੰਬਰ ਅਤੇ ਲੜਕੀਆਂ ਲਈ 1 ਤੋਂ 2 ਅਕਤੂਬਰ ਤੱਕ ਕਰਵਾਏ ਜਾਣਗੇ। ਕ੍ਰਿਕਟ (ਟੈਨਿਸ ਬਾਲ) ਦੇ ਲੜਕਿਆਂ ਦੇ ਮੁਕਾਬਲੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਦੇਸ਼ ਭਗਤ ਕਾਲਜ, ਡਗਰੂ, ਮੋਗਾ ਵਿਖੇ 28 ਤੋਂ 29 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 30 ਸਤੰਬਰ ਤੋਂ 1 ਅਕਤੂਬਰ ਤੱਕ ਹੋਣਗੇ।

ਸਾਫਟਬਾਲ ਦੇ ਲੜਕਿਆਂ ਦੇ ਮੁਕਾਬਲੇ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਮੋਗਾ, ਗਾਂਧੀ ਰੋਡ ਵਿਖੇ 30 ਸਤੰਬਰ ਤੋਂ 2 ਅਕਤੂਬਰ ਅਤੇ ਲੜਕੀਆਂ ਦੇ ਮੁਕਾਬਲੇ 28 ਤੋਂ 29 ਸਤੰਬਰ ਤੱਕ ਹੋਣਗੇ, ਜਦਕਿ ਸਾਫਟਬਾਲ ਅੰਡਰ-14 ਲੜਕੇ/ਲੜਕੀਆਂ ਦੇ ਮੁਕਾਬਲੇ 2 ਅਕਤੂਬਰ ਨੂੰ ਕਰਵਾਏ ਜਾਣਗੇ।