ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਦੇ ਪੁੱਤਰ ਗਗਨਜੋਤ ਸੰਧੂ ਦੀ ਮੌਤ, ਫਾਰਮ ਹਾਊਸ ’ਚ ਵਾਪਰੀ ਘਟਨਾ

ਨਿਊਜ਼ ਪੰਜਾਬ

12 ਸਤੰਬਰ,2026

ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ 48 ਸਾਲਾ ਪੁੱਤਰ ਗਗਨਜੋਤ ਸੰਧੂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਇਹ ਘਟਨਾ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਖਰਾਲੀ ਪਿੰਡ ਸਥਿਤ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਵਾਪਰੀ, ਜਿੱਥੇ ਉਹ ਉਸ ਸਮੇਂ ਇਕੱਲੇ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਘਟਨਾ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ, ਜਦਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਰੋਪੜ ਸਿਵਲ ਹਸਪਤਾਲ ਭੇਜਿਆ ਗਿਆ। ਪੋਸਟਮਾਰਟਮ ਤੋਂ ਬਾਅਦ ਦੇਰ ਰਾਤ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਗੁਮਥਲਾ ਗੜ੍ਹੂ ਲਿਆਂਦਾ ਗਿਆ, ਜਿੱਥੇ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਇਸ ਘਟਨਾ ਦੇ ਪਿੱਛੇ ਕਾਰਨ ਸਪੱਸ਼ਟ ਨਹੀਂ ਹੋ ਸਕਿਆ।

ਗਗਨਜੋਤ ਸੰਧੂ ਆਪਣੇ ਪਿੰਡ ਵਿੱਚ ਸਮਾਜਿਕ ਅਤੇ ਵਿਕਾਸ ਕਾਰਜਾਂ ਲਈ ਵੀ ਜਾਣੇ ਜਾਂਦੇ ਸਨ। ਉਹ ਗੁਮਥਲਾ ਗੜ੍ਹੂ ਪਿੰਡ ਦੇ ਦੋ ਵਾਰ ਸਰਪੰਚ ਰਹੇ। ਆਪਣੇ ਦੂਜੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਪਿੰਡ ਵਿੱਚ ਵਾਈ-ਫਾਈ ਹੌਟਸਪੌਟ ਅਤੇ ਡਿਜੀਟਲ ਪੰਚਾਇਤ ਵਰਗੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਸਨ। 2016 ਵਿੱਚ ਵਾਈ-ਫਾਈ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਗੁਮਥਲਾ ਗੜ੍ਹੂ ਨੂੰ ਹਰਿਆਣਾ ਦੀ ਪਹਿਲੀ ਹਾਈ-ਟੈਕ ਪੰਚਾਇਤ ਵਜੋਂ ਵੀ ਪਛਾਣ ਮਿਲੀ ਸੀ। ਉਨ੍ਹਾਂ ਦੇ ਪਿਤਾ ਜਸਵਿੰਦਰ ਸਿੰਘ ਸੰਧੂ ਪਿਹੋਵਾ ਤੋਂ ਚਾਰ ਵਾਰ ਵਿਧਾਇਕ ਰਹੇ ਅਤੇ ਓ.ਪੀ. ਚੌਟਾਲਾ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਸਨ।