ਬੁਕਾਵੂ ਵਿੱਚ ਦਿਲ ਦਹਿਲਾਉਣ ਵਾਲਾ ਹਾਦਸਾ, ਅੱਗ ਨੇ ਲਈ 24 ਸਕੂਲੀ ਬੱਚਿਆਂ ਦੀ ਜਾਨ

ਨਿਊਜ਼ ਪੰਜਾਬ

11 ਸਤੰਬਰ,2026

ਪੂਰਬੀ ਕਾਂਗੋ ਦੇ ਬਾਗੀਆਂ ਦੇ ਕਬਜ਼ੇ ਵਾਲੇ ਸ਼ਹਿਰ ਬੁਕਾਵੂ ਵਿੱਚ ਵੀਰਵਾਰ ਨੂੰ ਵਾਪਰੇ ਭਿਆਨਕ ਅੱਗ ਦੇ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਅੱਗ ਨੇ ਇੱਕ ਸਕੂਲ ਕੰਪਲੈਕਸ ਦੇ ਨਾਲ-ਨਾਲ ਨੇੜਲੇ ਸੰਘਣੀ ਆਬਾਦੀ ਵਾਲੇ ਇਲਾਕੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਘੱਟੋ-ਘੱਟ 24 ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 19 ਲੜਕੀਆਂ ਅਤੇ 5 ਲੜਕੇ ਸ਼ਾਮਲ ਹਨ, ਜਦਕਿ 29 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਚਸ਼ਮਦੀਦਾਂ ਮੁਤਾਬਕ ਅੱਗ ਕਲਾਸਾਂ ਦੌਰਾਨ ਲੱਗੀ ਅਤੇ ਬੱਚਿਆਂ ਵਿੱਚ ਜਾਨ ਬਚਾਉਣ ਲਈ ਭਗਦੜ ਮਚ ਗਈ। ਹਾਲਾਤ ਇੰਨੇ ਭਿਆਨਕ ਸਨ ਕਿ ਕੁਝ ਵਿਦਿਆਰਥੀਆਂ ਨੇ ਉੱਪਰਲੀਆਂ ਮੰਜ਼ਿਲਾਂ ਤੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਅੱਗ ਨੇ ਦੋ ਸਕੂਲਾਂ ਤੋਂ ਇਲਾਵਾ ਲਗਭਗ 300 ਲੱਕੜ ਦੇ ਘਰ ਵੀ ਸਾੜ ਦਿੱਤੇ, ਜਿਸ ਨਾਲ ਸੈਂਕੜੇ ਪਰਿਵਾਰ ਬੇਘਰ ਹੋ ਗਏ। ਸਿਹਤ ਅਧਿਕਾਰੀਆਂ ਮੁਤਾਬਕ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਇੱਕ ਸਥਾਨਕ ਹਸਪਤਾਲ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੂੰ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ 14 ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ 21 ਮਰੀਜ਼ ICU ਵਿੱਚ ਜ਼ਿੰਦਗੀ ਲਈ ਜੰਗ ਲੜ ਰਹੇ ਹਨ।