ਨਿਊਜ਼ ਪੰਜਾਬ
11 ਸਤੰਬਰ,2026
ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਨਿਪਟਾਉਣ ਲਈ ਬ੍ਰਾਂਚ ਜਾਣਾ ਹੈ ਤਾਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ ਅੱਜ, 11 ਸਤੰਬਰ 2026 ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ, ਜਿਸ ਕਾਰਨ ਬੈਂਕ ਸ਼ਾਖਾਵਾਂ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਬਾਅਦ 12 ਸਤੰਬਰ ਸ਼ਨੀਵਾਰ ਅਤੇ 13 ਸਤੰਬਰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
ਇਸ ਦੇ ਨਾਲ ਹੀ ਕੁਝ ਸੂਬਿਆਂ ਵਿੱਚ 14 ਅਤੇ 15 ਸਤੰਬਰ ਨੂੰ ਗਣੇਸ਼ ਚਤੁਰਥੀ ਦੀਆਂ ਛੁੱਟੀਆਂ ਕਾਰਨ ਗਾਹਕਾਂ ਨੂੰ ਬੈਂਕਿੰਗ ਕੰਮ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਬੈਂਕ ਯੂਨੀਅਨਾਂ ਵੱਲੋਂ ਪੰਜ ਦਿਨਾਂ ਦੇ ਵਰਕਿੰਗ ਵੀਕ, ਪੈਨਸ਼ਨ ਸੁਧਾਰਾਂ, ਸਿਹਤ ਬੀਮਾ ਪ੍ਰਬੰਧਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ATM, UPI, ਮੋਬਾਈਲ ਬੈਂਕਿੰਗ ਅਤੇ ਇੰਟਰਨੈੱਟ ਬੈਂਕਿੰਗ ਵਰਗੀਆਂ ਡਿਜੀਟਲ ਸੇਵਾਵਾਂ ਆਮ ਤੌਰ ’ਤੇ ਉਪਲਬਧ ਰਹਿਣਗੀਆਂ।
