ਨਿਊਜ਼ ਪੰਜਾਬ
11 ਸਤੰਬਰ,2026
ਪੰਜਾਬ ਵਿੱਚ ਇੱਕ ਵਾਰ ਫਿਰ ਬਿਜਲੀ ਸੰਕਟ ਗਹਿਰਾ ਹੁੰਦਾ ਨਜ਼ਰ ਆ ਰਿਹਾ ਹੈ। ਕੋਲੇ ਦੀ ਲੋੜੀਂਦੀ ਸਪਲਾਈ ਨਾ ਮਿਲਣ ਅਤੇ ਥਰਮਲ ਪਲਾਂਟਾਂ ਵਿੱਚ ਤਕਨੀਕੀ ਖਾਮੀਆਂ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਵਿੱਚੋਂ ਇੱਕ ਯੂਨਿਟ ਬੰਦ ਹੈ, ਜਦਕਿ ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਵੀਰਵਾਰ ਦੇਰ ਰਾਤ ਤੋਂ ਬੰਦ ਪਿਆ ਹੈ। ਇਸ ਤੋਂ ਇਲਾਵਾ ਇੱਕ ਸਰਕਾਰੀ ਥਰਮਲ ਪਲਾਂਟ ਦਾ ਯੂਨਿਟ ਵੀ ਬਿਜਲੀ ਉਤਪਾਦਨ ਨਹੀਂ ਕਰ ਰਿਹਾ। ਹਾਲਾਂਕਿ ਤਲਵੰਡੀ ਸਾਬੋ ਪਲਾਂਟ ਦੀ ਮੈਨੇਜਮੈਂਟ ਨੇ ਕੋਲੇ ਦੀ ਕਮੀ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਕੀਤਾ ਗਿਆ ਹੈ ਅਤੇ ਇਸ ਨੂੰ ਜਲਦ ਚਾਲੂ ਕਰ ਦਿੱਤਾ ਜਾਵੇਗਾ।
ਦੂਜੇ ਪਾਸੇ PSPCL ਵੱਲੋਂ ਉਤਪਾਦਨ ਵਿੱਚ ਕਮੀ ਨੂੰ ਪੂਰਾ ਕਰਨ ਲਈ ਕੇਂਦਰ ਤੋਂ ਵਾਧੂ ਬਿਜਲੀ ਖਰੀਦੀ ਜਾ ਰਹੀ ਹੈ, ਪਰ ਵਧਦੀ ਮੰਗ ਕਾਰਨ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਮੁਤਾਬਕ ਕੋਲੇ ਦੀ ਸਪਲਾਈ ਜਾਰੀ ਹੈ ਪਰ ਲੋੜ ਮੁਤਾਬਕ ਨਹੀਂ ਹੋ ਰਹੀ। ਰਾਤ ਸਮੇਂ ਸੌਰ ਊਰਜਾ ਦਾ ਉਤਪਾਦਨ ਵੀ ਜ਼ੀਰੋ ਹੋ ਜਾਣ ਕਾਰਨ ਸਥਿਤੀ ਹੋਰ ਮੁਸ਼ਕਲ ਬਣ ਰਹੀ ਹੈ। ਇਸ ਦੇ ਨਾਲ ਹੀ ਹਾਈਡ੍ਰੋ ਪ੍ਰਾਜੈਕਟਾਂ ਤੋਂ ਬਿਜਲੀ ਉਤਪਾਦਨ ਵੀ ਕਰੀਬ 850 ਮੈਗਾਵਾਟ ਤੋਂ ਘਟ ਕੇ 530 ਮੈਗਾਵਾਟ ਰਹਿ ਗਿਆ ਹੈ, ਜਿਸ ਨਾਲ ਪੰਜਾਬ ਦੇ ਬਿਜਲੀ ਸਿਸਟਮ ’ਤੇ ਹੋਰ ਦਬਾਅ ਵਧ ਗਿਆ ਹੈ।
