BRICS ਸੰਮੇਲਨ ਲਈ ਭਾਰਤ ਪਹੁੰਚੇ ਪੁਤਿਨ, ਮੋਦੀ ਨਾਲ ਮੁਲਾਕਾਤ ਦੌਰਾਨ Su-57, S-400 ਤੇ ਬ੍ਰਹਮੋਸ ਡੀਲ ’ਤੇ ਹੋਵੇਗੀ ਅਹਿਮ ਚਰਚਾ

ਨਿਊਜ਼ ਪੰਜਾਬ

11 ਸਤੰਬਰ,2026

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ BRICS ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਪਹੁੰਚ ਗਏ ਹਨ। ਪੁਤਿਨ ਦਾ ਵਿਸ਼ੇਸ਼ ਜਹਾਜ਼ ਰਾਤ ਕਰੀਬ 3 ਵਜੇ ਨਵੀਂ ਦਿੱਲੀ ਪਹੁੰਚਿਆ, ਜਿੱਥੇ ਵਿਦੇਸ਼ ਰਾਜ ਮੰਤਰੀ ਕੇ. ਵੀ. ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। BRICS ਸੰਮੇਲਨ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਵਿਚਕਾਰ ਅਹਿਮ ਮੁਲਾਕਾਤ ਹੋਣੀ ਹੈ। ਇਸ ਦੌਰਾਨ ਦੋਵੇਂ ਆਗੂ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ’ਤੇ ਚਰਚਾ ਕਰ ਸਕਦੇ ਹਨ, ਜਿਨ੍ਹਾਂ ਵਿੱਚ Su-57 ਫਾਈਟਰ ਜੈੱਟ, S-400 ਮਿਸਾਈਲ ਸਿਸਟਮ, SU-30MKI ਦੇ ਅਪਗ੍ਰੇਡ ਅਤੇ ਬ੍ਰਹਮੋਸ ਮਿਜ਼ਾਈਲ ਦੇ ਨਵੇਂ ਐਡੀਸ਼ਨ ਸ਼ਾਮਲ ਹਨ।

ਰੂਸ ਵੱਲੋਂ Su-57 ਦੀ ਵਿਕਰੀ ਦੇ ਨਾਲ ਭਾਰਤ ਵਿੱਚ ਇਸ ਦੇ ਉਤਪਾਦਨ ਅਤੇ ਤਕਨੀਕ ਸਾਂਝੀ ਕਰਨ ਦੀ ਪੇਸ਼ਕਸ਼ ਵੀ ਕੀਤੀ ਜਾ ਚੁੱਕੀ ਹੈ। ਭਾਰਤ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਰੱਖਿਆ ਸੌਦੇ ਰਾਹੀਂ ਮਿਲਣ ਵਾਲੀ ਤਕਨੀਕ ਭਵਿੱਖ ਵਿੱਚ ਸਵਦੇਸ਼ੀ ਲੜਾਕੂ ਜਹਾਜ਼ਾਂ ਦੇ ਵਿਕਾਸ ਲਈ ਵੀ ਲਾਹੇਵੰਦ ਸਾਬਤ ਹੋਵੇ। ਇਸ ਤੋਂ ਇਲਾਵਾ S-400 ਦੀ ਬਾਕੀ ਖੇਪ, ਰੱਖ-ਰਖਾਅ ਅਤੇ SU-30MKI ਨੂੰ ‘ਸੁਪਰ ਸੁਖੋਈ’ ਦੇ ਤੌਰ ’ਤੇ ਅਪਗ੍ਰੇਡ ਕਰਨ ਬਾਰੇ ਵੀ ਗੱਲਬਾਤ ਹੋ ਸਕਦੀ ਹੈ। ਬ੍ਰਹਮੋਸ-NG ਵਰਗੀ ਹਲਕੀ ਮਿਜ਼ਾਈਲ ’ਤੇ ਵੀ ਦੋਵੇਂ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਦੀ ਸੰਭਾਵਨਾ ਹੈ, ਜਿਸ ਨੂੰ ਤੇਜਸ ਵਰਗੇ ਲੜਾਕੂ ਜਹਾਜ਼ਾਂ ਤੋਂ ਵੀ ਦਾਗਿਆ ਜਾ ਸਕੇਗਾ। ਦਿੱਲੀ ਵਿੱਚ 12 ਅਤੇ 13 ਸਤੰਬਰ ਨੂੰ ਹੋਣ ਵਾਲੇ BRICS ਸੰਮੇਲਨ ’ਤੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।